ਕਿਸਾਨਾਂ ਦੇ ਐਕਸ਼ਨ ਤੋਂ ਭਾਜਪਾ ’ਚ ਘਬਰਾਹਟ, ਮੋਦੀ ਨਾਲ ਮਿਲਣੀ ਬਾਅਦ ਆਗੂਆਂ ਮੂੰਹੋਂ ਛਲਕਿਆ ਦਰਦ
ਭਾਜਪਾ ਆਗੂ ਜਿਆਣੀ ਅਤੇ ਗਰੇਵਾਲ ਦੇ ਬਿਆਨ ’ਤੇ ਉਠੇ ਸਵਾਲ, ਜੋਗਿੰਦਰ ਉਗਰਾਹਾਂ ਨੇ ਕਸਿਆ ਤੰਜ
ਚੰਡੀਗੜ੍ਹ : ਦਿੱਲੀ ਦੀਆਂ ਸਰਹੱਦਾਂ ਮੱਲੀ ਬੈਠੇ ਕਿਸਾਨਾਂ ਦੇ ਐਕਸ਼ਨ ਤੋਂ ਭਾਜਪਾ ਆਗੂ ਡਾਢੇ ਪ੍ਰੇਸ਼ਾਨ ਹਨ। ਇਸ ਦਾ ਖੁਲਾਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਤੋਂ ਤੁਰੰਤ ਬਾਅਦ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਅਤੇ ਸੁਰਜੀਤ ਕੁਮਾਰ ਜਿਆਣੀ ਵਲੋਂ ਦਿੱਤੇ ਬਿਆਨਾਂ ਤੋਂ ਵੀ ਹੋ ਜਾਂਦਾ ਹੈ। ਇਨ੍ਹਾਂ ਦੋਵੇਂ ਆਗੂਆਂ ਦਾ ਮੀਡੀਆ ਸਾਹਮਣੇ ਵਿਵਹਾਰ ਇਸ ਤਰ੍ਹਾਂ ਸੀ ਜਿਵੇਂ ਕੋਈ ਭਿਆਨਕ ਸੁਪਨਾ ਵੇਖ ਨੀਂਦ ਤੋਂ ਜਾਗਿਆ ਹੋਵੇ।
ਹਰਜੀਤ ਗਰੇਵਾਲ ਦੀ ਜ਼ੁਬਾਨ ਵਾਰ-ਵਾਰ ਥਥਲਾ ਰਹੀ ਸੀ। ਇਕ ਟੀਵੀ ਚੈਨਲ ਦੇ ਪੱਤਰਕਾਰ ਨੇ ਜਦੋਂ ਉਨ੍ਹਾਂ ਤੋਂ ਮੀਟਿੰਗ ਦੇ ਵੇਰਵੇ ਜਾਣਨੇ ਚਾਹੇ ਤਾਂ ਹਰਜੀਤ ਗਰੇਵਾਲ ਦਾ ਕਹਿਣਾ ਸੀ, ਮੈਨੂੰ ਕੋਈ ਪਤਾ ਨਹੀਂ ਹੈ, ਪਤਾ ਨਹੀਂ ਕੀ ਕਿਹਾ, ਕੁੱਝ ਵੀ ਨਹੀਂ ਕਿਹਾ ਆਦਿ ਆਦਿ...। ਉਨ੍ਹਾਂ ਦਾ ਵਿਵਹਾਰ ਇਸ ਤਰ੍ਹਾਂ ਸੀ ਜਿਵੇਂ ਕੋਈ ਬਹੁਤ ਕੀਮਤੀ ਚੀਜ਼ ਛੁਪਾ ਰਿਹਾ ਹੋਵੇ ਅਤੇ ਸਾਹਮਣੇ ਵਾਲੇ ਤੋਂ ਖਹਿੜਾ ਛੁਡਾ ਭੱਜ ਜਾਣਾ ਚਾਹੁੰਦਾ ਹੋਵੇ।
ਇਨ੍ਹਾਂ ਆਗੂਆਂ ਦੇ ਮੀਡੀਆ ਸਾਹਮਣੇ ਬਿਆਨ ਵੀ ਆਪਾ-ਵਿਰੋਧੀ ਸਨ। ਭਾਜਪਾ ਆਗੂ ਸੁਰਜੀਤ ਜਿਆਣੀ ਤਾਂ ਇੱਥੋਂ ਤਕ ਕਹਿ ਗਏ ਕਿ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਿਹਾ ਕਿਸਾਨੀ ਸੰਘਰਸ਼ ਲੀਡਰਲੈਂਸ ਹੋ ਚੁਕਾ ਹੈ। ਇੱਥੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਕੋਈ ਆਗੂ ਨਹੀਂ ਹੈ ਅਤੇ ਕਿਸਾਨਾਂ ਦੀ ਅਗਵਾਈ ਇਸ ਵੇਲੇ ਕਮਿਊਨਿਸਟ ਅਤੇ ਮਾਊਵਾਦੀ ਵਿਚਾਰਾਂ ਦੇ ਹਾਮੀ ਲੋਕ ਕਰ ਰਹੇ ਹਨ।
ਜਿਆਣੀ ਦਾ ਕਹਿਣਾ ਸੀ ਕਿ ਸਰਕਾਰ ਨਾਲ ਹੋ ਰਹੀਆਂ ਮੀਟਿੰਗਾਂ ’ਚ 40-40 ਕਿਸਾਨ ਆਗੂ ਚਲੇ ਜਾਂਦੇ ਹਨ। ਇਨ੍ਹਾਂ ਵਿਚ ਕੁੱਝ ਮੀਡੀਆ ਕਰਮੀ ਅਤੇ ਅਫ਼ਸਰ ਰਲ ਜਾਂਦੇ ਹਨ। ਇਸ ਤਰ੍ਹਾਂ ਘੜਮੱਸ ਪੈ ਜਾਂਦਾ ਹੈ ਜੋ ਮਸਲੇ ਦਾ ਹੱਲ ਨਾ ਹੋਣ ਦਾ ਕਾਰਨ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਪਣੇ ਕੁੱਝ ਆਗੂਆਂ ਦੀ ਚੋਣ ਕਰਨੀ ਚਾਹੀਦੀ ਹੈ, ਜੋ ਸਰਕਾਰ ਨਾਲ ਗੱਲਬਾਤ ਕਰ ਸਕਣ। ਇੰਨਾ ਹੀ ਨਹੀਂ, ਉਹ ਇੱਥੋਂ ਤਕ ਕਹਿ ਗਏ ਕਿ ਇਸ ਤਰ੍ਹਾਂ ਦੀਆਂ ਭਾਵੇਂ ਜਿੰਨੀਆਂ ਮਰਜ਼ੀ ਮੀਟਿੰਗ ਕਰੀ ਜਾਣ, ਕੋਈ ਹੱਲ ਨਹੀਂ ਹੋਣ ਵਾਲਾ। ਮੀਡੀਆ ਵਲੋਂ 2022 'ਚ ਹੋਣ ਵਾਲੀਆਂ ਚੋਣਾਂ ਸਬੰਧੀ ਪੁਛੇ ਜਾਣ ’ਤੇ ਹਰਜੀਤ ਗਰੇਵਾਲ ਨੇ ਭਾਜਪਾ ਦੀ ਪੰਜਾਬ ਅੰਦਰ ਚੰਗੀ ਕਾਰਗੁਜ਼ਾਰੀ ਦਾ ਦਾਅਵਾ ਕਰ ਦਿਤਾ।
ਪ੍ਰਧਾਨ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਭਾਜਪਾ ਆਗੂਆਂ ਵਲੋਂ ਵਿਖਾਏ ਤੇਵਰਾਂ ਨੂੰ ਲੈ ਕੇ ਬਹਿਸ਼ ਛਿੜ ਗਈ ਹੈ। ਕਿਸਾਨੀ ਸੰਘਰਸ਼ ਨਾਲ ਜੁੜੇ ਚਿੰਤਕ ਇਸ ਨੂੰ ਕਿਸਾਨਾਂ ਦੇ ਐਕਸ਼ਨ ਦਾ ਅਸਰ ਦੱਸ ਰਹੇ ਹਨ। ਚਿੰਤਕਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਉਕਤ ਆਗੂਆਂ ਦੀ ਖਿਚਾਈ ਕੀਤੀ ਹੋ ਸਕਦੀ ਹੈ ਕਿਉਂਕਿ ਕਿਸਾਨੀ ਸੰਘਰਸ਼ ਸਫ਼ਲਤਾ ਦੀ ਜਿਸ ਉਚਾਈ 'ਤੇ ਪਹੁੰਚ ਚੁੱਕਾ ਹੈ, ਇਸ ਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ। ਹੋ ਸਕਦੈ, ਪ੍ਰਧਾਨ ਮੰਤਰੀ ਨੇ ਇਨ੍ਹਾਂ ਆਗੂਆਂ ਦੀ ਕਿਸਾਨੀ ਤਾਕਤ ਦੀ ਸਹੀ ਤਸਵੀਰ ਪੇਸ਼ ਨਾ ਕਰ ਸਕਣ ਬਾਬਤ ਖਿਚਾਈ ਕੀਤੀ ਹੋਵੇ, ਜਿਸ ਦਾ ਗੁੱਸਾ ਇਨ੍ਹਾਂ ਨੇ ਬਾਹਰ ਆ ਕੇ ਕਿਸਾਨੀ ਘੋਲ ਨੂੰ ਲੀਡਰਲੈਂਸ ਅਤੇ ਮੀਟਿੰਗਾਂ ’ਚ ਭੀੜ ਹੋ ਜਾਂਦੀ ਹੈ, ਵਰਗੇ ਮੁੱਦੇ ਛੋਹ ਕੇ ਕੱਢਿਆ ਹੈ।
ਕਿਸਾਨੀ ਘੋਲ ਨੂੰ ਲੀਡਰਲੈਂਸ ਕਹਿਣ ਤੋਂ ਭਾਜਪਾ ਆਗੂ ਕਿਸਾਨ ਜਥੇਬੰਦੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ। ਕਿਸਾਨ ਯੂਨੀਅਨ ਉਗਰਾਹਾ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੇ ਭਾਜਪਾ ਆਗੂਆਂ ਦੇ ਬਿਆਨਾਂ ’ਤੇ ਤੰਜ ਕਸਦਿਆ ਕਿਹਾ ਹੈ ਕਿ ਜੇਕਰ ਕਿਸਾਨੀ ਸੰਘਰਸ਼ ਲੀਡਰਲੈਂਸ ਹੈ ਤਾਂ ਜਿਹੜੇ ਆਗੂਆਂ ਨਾਲ ਸਰਕਾਰ ਹੁਣ ਤਕ ਮੀਟਿੰਗਾਂ ਕਰਦੀ ਆ ਰਹੀ ਹੈ, ਉਹ ਕੌਣ ਸਨ? ਸਰਕਾਰ ਦਾਅਵਾ ਕਰਦੀ ਹੈ ਕਿ ਕਿਸਾਨਾਂ ਦੀਆਂ 4 ਵਿਚੋਂ ਦੋ ਮੰਗਾਂ ਮੰਨ ਲਈਆਂ ਗਈਆਂ ਹਨ ਅਰਥਾਤ ਕਿਸਾਨਾਂ ਦੀਆਂ 50 ਫ਼ੀ ਸਦੀ ਮਸਲੇ ਹੱਲ ਹੋ ਗਏ ਹਨ। ਕੀ ਸਰਕਾਰ ਦੇ ਇਹ ਦਾਅਵੇ ਗ਼ਲਤ ਹਨ, ਜਿਸ ਬਾਰੇ ਭਾਜਪਾ ਆਗੂਆਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਮੀਟਿੰਗਾਂ ਵਿਚ ਭਾਵੇਂ ਜਥੇਬੰਦੀਆਂ ਦੇ 40 ਮੈਂਬਰ ਜਾਂਦੇ ਹਨ ਪਰ ਮੀਟਿੰਗ ਦੌਰਾਨ ਬੋਲਣ ਅਤੇ ਕਿਸਾਨਾਂ ਦਾ ਪੱਖ ਰੱਖਣ ਦੀ ਜ਼ਿੰਮੇਵਾਰ ਸਿਰਫ਼ 5 ਮੈਂਬਰਾਂ ’ਤੇ ਹੀ ਹੁੰਦੀ ਹੈ। ਜਿਆਣੀ ਵਲੋਂ ਕੁੱਝ ਮੈਂਬਰ ਨਾਮਜ਼ਦ ਕਰਨ ਵਾਲੇ ਫਾਰਮੂਲੇ ਨੂੰ ਤਾਂ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਅਪਨਾ ਚੁੱਕੀਆਂ ਹਨ। ਕਿਸਾਨ ਜਥੇਬੰਦੀਆਂ ਨੇ ਇਹ ਸਾਰਾ ਕੁੱਝ ਮੀਟਿੰਗ ਦੀ ਸਾਰਥਿਕਤਾ ਦੇ ਮੱਦੇਨਜ਼ਰ ਕੀਤਾ ਹੈ ਤਾਂ ਜੋ ਮੀਟਿੰਗ ਦੌਰਾਨ ਘੜਮੱਸ ਨਾ ਪਵੇੇ। ਇਸ ਤਰ੍ਹਾਂ ਭਾਜਪਾ ਆਗੂਆਂ ਵਲੋਂ ਪ੍ਰਧਾਨ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਦਿਤੇ ਗਏ ਬਿਆਨਾਂ ਨੂੰ ਕਿਸਾਨੀ ਐਕਸ਼ਨ ਦੇ ਦਬਾਅ ਅਤੇ ਭਾਜਪਾ ਦੇ ਅੰਦਰੂਨੀ ਖਿੱਚੋਤਾਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।