ਹਿਮਾਚਲ ਵਿਚ ਬਰਡ ਫ਼ਲੂ ਦੀ ਦਸਤਕ ਬਾਅਦ ਪੰਜਾਬ ਤੇ ਚੰਡੀਗੜ੍ਹ ਵਿਚ ਵੀ ਚੌਕਸੀ ਵਧੀ
ਹਿਮਾਚਲ ਵਿਚ ਬਰਡ ਫ਼ਲੂ ਦੀ ਦਸਤਕ ਬਾਅਦ ਪੰਜਾਬ ਤੇ ਚੰਡੀਗੜ੍ਹ ਵਿਚ ਵੀ ਚੌਕਸੀ ਵਧੀ
ਪੰਜਾਬ ਦੇ ਹਰੀਕੇ ਤੇ ਪੋਂਗ ਡੈਮ ਖੇਤਰ ’ਚ ਅਲਰਟ ਜਾਰੀ
ਚੰਡੀਗੜ੍ਹ, 5 ਜਨਵਰੀ (ਗੁਰਉਪਦੇਸ਼ ਭੁੱਲਰ): ਹਿਮਾਚਲ ਪ੍ਰਦੇਸ਼ ਵਿਚ ਬਰਡ ਫ਼ਲੂ ਦੀ ਪੁਸ਼ਟੀ ਤੋਂ ਬਾਅਦ ਹੁਣ ਪੰਜਾਬ ਤੇ ਚੰਡੀਗੜ੍ਹ ਵਿਚ ਵੀ ਸਬੰਧਤ ਵਿਭਾਗਾਂ ਨੇ ਚੌਕਸੀ ਵਧਾ ਦਿਤੀ ਹੈ। ਪੰਜਾਬ ਵਿਚ ਪਸ਼ੂ ਪਾਲਣ ਵਿਭਾਗ ਵਲੋਂ ਹਰੀਕੇ ਖੇਤਰ ਤੋਂ ਇਲਾਵਾ ਪੋਂਗ ਡੈਮ ਨਾਲ ਲਗਦੇ ਖੇਤਰਾਂ ਵਿਚ ਵੀ ਬੀਮਾਰੀ ਦੀ ਅਗਾਊਂ ਰੋਕਥਾਮ ਲਈ ਅਲਰਟ ਜਾਰੀ ਕੀਤਾ ਗਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿਚ ਵੀ ਪ੍ਰਸ਼ਾਸਨ ਨੇ ਬਰਡ ਫ਼ਲੂ ਦੇ ਖ਼ਤਰੇ ਨੂੰ ਦੇਖਦਿਆਂ ਅਲਰਟ ਜਾਰੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਨਾਲ ਲਗਦੇ ਪੰਚਕੂਲਾ ਤੇ ਬਾਰਵਾਲਾ ਖੇਤਰ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਮੁਰਗੀਆਂ ਦੀ ਮੌਤ ਕਾਰਨ ਚੰਡੀਗੜ੍ਹ ਵਿਚ ਚੌਕਸੀ ਕੀਤੀ ਗਈ ਹੈ। ਮੁਰਗੀਆਂ ਦੇ ਸੈਂਪਲ ਜਾਂਚ ਲਈ ਭੋਪਾਲ ਲੈਬ ਨੂੰ ਭੇਜੇ ਗਏ ਹਨ। ਪੰਜਾਬ ਵਿਚ ਵੀ ਪੋਂਗ ਡੈਮ ਖੇਤਰ ਵਿਚ ਪਿਛਲੇ ਦਿਨਾਂ ਵਿਚ ਸੈਂਕੜੇ ਪ੍ਰਵਾਸੀ ਪੰਛੀਆਂ ਦੀ ਮੌਤ ਹੋਈ ਹੈ। ਇਸ ਕਾਰਨ ਪੰਜਾਬ ਵੀ ਚੌਕਸ ਹੋ ਚੁੱਕਾ ਹੈ। ਜ਼ਿਕਰਯੋਗ ਹੇ ਕਿ ਮੱਧ ਪ੍ਰਦੇਸ਼ ਤੇ ਕੇਰਲਾ ਵਿਚ ਬਰਡ ਫ਼ਲੂ ਦੀ ਪੁਸ਼ਟੀ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਦੇ ਪੋਂਡ ਡੈਮ ਨਾਲ ਸਬੰਧਤ ਸੈਂਪਲਾਂ ਦੀਆਂ ਰੀਪੋਰਟਾਂ ਵੀ ਪਾਜ਼ੇਟਿਵ ਆਉਣ ਬਾਅਦ ਉਥੇ ਮੀਟ ਕਾਂਗੜਾ ਜ਼ਿਲ੍ਹਾ ਖੇਤਰ ਵਿਚ ਅੰਡੇ ਤੇ ਚਿਕਨ ’ਤੇ ਰੋਕ ਲਾ ਦਿਤੀ ਹੈ। ਹਿਮਾਚਲ ਦੇ ਪੋਂਗ ਡੈਮ ਖੇਤਰ ਵਿਚ 2000 ਤੋਂ ਵੱਧ ਪੰਛੀਆਂ ਦੀ ਮੌਤ ਬਾਅਦ ਸੈਂਪਲਾਂ ਦੀ ਜਾਂਚ ਕਰਵਾਈ ਗਈ ਸੀ।