ਜਾਵੇਦ ਹਬੀਬ ਨੇ ਸੈਮੀਨਾਰ 'ਚ ਸਭ ਦੇ ਸਾਹਮਣੇ ਔਰਤ ਦੇ ਵਾਲਾਂ 'ਤੇ ਥੁੱਕਿਆ, ਬਾਈਕਾਟ ਦੀ ਉੱਠੀ ਮੰਗ
ਜਾਵੇਦ ਹਬੀਬ ਦੇਸ਼ ਦੇ ਸਭ ਤੋਂ ਮਸ਼ਹੂਰ ਹੇਅਰ ਸਟਾਈਲਿਸਟ ਹਨ
ਨਵੀਂ ਦਿੱਲੀ: ਜਾਵੇਦ ਹਬੀਬ ਦੇਸ਼ ਦੇ ਸਭ ਤੋਂ ਮਸ਼ਹੂਰ ਹੇਅਰ ਸਟਾਈਲਿਸਟ ਹਨ। ਭਾਰਤ ਤੋਂ ਇਲਾਵਾ ਦੁਨੀਆ ਦੇ ਹੋਰ ਦੇਸ਼ਾਂ 'ਚ ਵੀ ਉਨ੍ਹਾਂ ਦੇ ਕਈ ਸੈਲੂਨ ਹਨ। ਬੇਸ਼ੱਕ ਉਨ੍ਹਾਂ ਦਾ ਸੈਲੂਨ ਤੁਹਾਡੇ ਸ਼ਹਿਰ ਵਿੱਚ ਵੀ ਕੰਮ ਕਰ ਰਿਹਾ ਹੋਵੇਗਾ। ਜਾਵੇਦ ਹਬੀਬ ਆਪਣੇ ਸੈਲੂਨ ਦੇ ਨਾਲ-ਨਾਲ ਬਹੁਤ ਮਸ਼ਹੂਰ ਹੇਅਰ ਸਟਾਈਲਿਸਟ ਹਨ, ਪਰ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਉਨ੍ਹਾਂ ਦੀ ਇੱਕ ਵੀਡੀਓ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਉਹਨਾਂ ਦੇ ਬਾਈਕਾਟ ਦੀ ਮੰਗ ਉਠਾਈ।
ਹੇਅਰ ਐਕਸਪਰਟ ਜਾਵੇਦ ਹਬੀਬ ਵਾਲਾਂ ਦੀ ਸਟਾਈਲਿੰਗ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ ਕਿ ਵਾਲਾਂ ਦੀ ਦੇਖਭਾਲ ਕਿਵੇਂ ਕਰੀਏ। ਵਾਲਾਂ ਨੂੰ ਮਜ਼ਬੂਤ ਕਿਵੇਂ ਰੱਖਣਾ ਹੈ, ਵਿਅਕਤੀ ਦੀ ਸੁੰਦਰਤਾ ਅਤੇ ਵਾਲਾਂ ਦੀ ਸਿਹਤ ਨੂੰ ਕਿਵੇਂ ਵਧਾ ਸਕਦੇ ਹਨ, ਇਸ ਬਾਰੇ ਜਾਵੇਦ ਹਬੀਬ ਦੀ ਸਲਾਹ 'ਤੇ ਕੋਈ ਵੀ ਸਵਾਲ ਨਹੀਂ ਉਠਾ ਸਕਦਾ। ਇਸ ਦੇ ਪਿੱਛੇ ਕਾਰਨ ਹੈ ਉਨ੍ਹਾਂ ਦਾ ਕੰਮ ਅਤੇ ਉਨ੍ਹਾਂ ਦਾ ਤਜਰਬਾ ਪਰ ਹੁਣ ਇਸ ਹੇਅਰ ਐਕਸਪਰਟ ਜਾਵੇਦ ਹਬੀਬ ਦੀ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ।
ਦਰਅਸਲ, ਜਾਵੇਦ ਹਬੀਬ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਇਕ ਸੈਮੀਨਾਰ ਵਿਚ ਸਭ ਦੇ ਸਾਹਮਣੇ ਇਕ ਔਰਤ ਦੇ ਵਾਲਾਂ 'ਤੇ ਥੁੱਕਦੇ ਹੋਏ ਦਿਖਾਈ ਦਿੱਤੇ। ਵੀਡੀਓ ਵਿਚ ਇਕ ਔਰਤ ਸਟੇਜ 'ਤੇ ਸੈਲੂਨ ਦੀ ਕੁਰਸੀ 'ਤੇ ਬੈਠੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਉਥੇ ਮੌਜੂਦ ਲੋਕਾਂ ਨੂੰ ਟਿਪਸ ਦਿੰਦੇ ਹੋਏ ਜਾਵੇਦ ਹਬੀਬ ਨੇ ਮਹਿਲਾ ਦੇ ਵਾਲਾਂ 'ਤੇ ਥੁੱਕ ਦਿੱਤਾ।
ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਸਮੂਹ ਉਹਨਾਂ ਦੇ ਬਾਈਕਾਟ ਦੀ ਮੰਗ ਉਠਾ ਰਿਹਾ ਹੈ। ਵੀਡੀਓ ਪੋਸਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਕਿ ਇਸ ਥੁੱਕ ਵਿੱਚ ਜਾਨ ਹੈ। ਵੀਡੀਓ ਮਸ਼ਹੂਰ ਹੇਅਰ ਐਕਸਪਰਟ ਜਾਵੇਦ ਹਬੀਬ ਦਾ ਦੱਸਿਆ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਬੀਬ ਸਾਹਿਬ ਨੇ ਮੁਜ਼ੱਫਰਨਗਰ 'ਚ ਲਾਈਵ ਸ਼ੋਅ 'ਚ ਕਿਹਾ ਕਿ ਜੇਕਰ ਪਾਣੀ ਨਹੀਂ ਹੈ ਤਾਂ ਥੁੱਕ ਦਿਓ।