ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੋਈ ਚੂਕ ਨਹੀਂ ਹੋਈ : ਚੰਨੀ
ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੋਈ ਚੂਕ ਨਹੀਂ ਹੋਈ : ਚੰਨੀ
ਕਿਹਾ, ਪ੍ਰਧਾਨ ਮੰਤਰੀ ਨੇ ਹੈਲੀਕਾਪਟਰ ਰਾਹੀਂ ਫ਼ਿਰੋਜ਼ਪੁਰ ਜਾਣਾ ਸੀ ਪਰ ਅਚਾਨਕ ਪ੍ਰੋਗਰਾਮ ਬਦਲ ਕੇ ਸੜਕ ਰਸਤੇ ਗਏ
ਚੰਡੀਗੜ੍ਹ, 5 ਜਨਵਰੀ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਬਿਆਨ 'ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਸਮੇਂ ਕੋਈ ਸੁਰਖਿਆ ਚੂਕ ਨਹੀਂ ਹੋਇਆ ਅਤੇ ਨਾ ਹੀ ਉਨ੍ਹਾਂ ਉਪਰ ਕੋਈ ਹਮਲਾ ਹੋਇਆ ਹੈ |
ਮੁੱਖ ਮੰਤਰੀ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਪ੍ਰਧਾਨ ਮੰਤਰੀ ਦਾ ਕੋਈ ਸੜਕੀ ਪ੍ਰੋਗਰਾਮ ਨਹੀਂ ਸੀ ਅਤੇ ਉਨ੍ਹਾਂ ਨੇ ਹੈਲੀਕਾਪਟਰ ਰਾਹੀਂ ਹੀ ਬਠਿੰਡਾ ਤੋਂ ਫ਼ਿਰੋਜ਼ਪੁਰ ਜਾਣਾ ਸੀ ਪਰ ਮੌਸਮ ਦੀ ਖਰਾਬੀ ਕਾਰਨ ਐਸ.ਪੀ.ਜੀ ਤੇ ਕੇਂਦਰੀ ਏਜੰਸੀਆਂ ਦੀ ਸਲਾਹ ਨਾਲ ਅਚਾਨਕ ਪ੍ਰੋਗਰਾਮ ਬਦਲ ਕੇ ਸੜਕੀ ਰਸਤੇ ਦਾ ਕਰ ਦਿਤਾ ਗਿਆ | ਅਚਾਨਕ ਹੀ ਰਸਤੇ 'ਚ ਕਿਸੇ ਥਾਂ ਅੰਦੋਲਨ ਕਰ ਰਹੇ ਕੁੱਝ ਲੋਕ ਆ ਗਏ ਪਰ ਉਹ ਸ਼ਾਂਤਮਈ ਪ੍ਰਦਰਸ਼ਨਕਾਰੀ ਸਨ, ਜਿਨ੍ਹਾਂ ਤੋਂ ਪ੍ਰਧਾਨ ਮੰਤਰੀ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਸੀ | ਰੂਟ ਬਦਲ ਕੇ ਜਾਇਆ ਜਾ ਸਕਦਾ ਸੀ | ਉਨ੍ਹਾਂ ਇਹ ਵੀ ਦਸਿਆ ਕਿ ਬੀਤੀ ਰਾਤ 3 ਵਜੇ ਤਕ ਕਿਸਾਨਾਂ ਤੋਂ ਸਾਰੇ ਰਸਤੇ ਸਮਝਾ-ਬੁਝਾ ਕੇ ਖਾਲੀ ਕਰਵਾ ਲਏ ਸਨ | ਚੰਨੀ ਨੇ ਇਹ ਵੀ ਦਸਿਆ ਕਿ ਮੀਂਹ ਦੇ ਮੌਸਮ ਤੇ ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਡੀ.ਜੀ.ਪੀ. ਦੀ ਰੀਪੋਰਟ ਮੁਤਾਬਕ ਪ੍ਰਧਾਨ ਮੰਤਰੀ ਦਫ਼ਤਰ ਨੂੰ ਰੈਲੀ ਮੁਲਤਵੀ ਕਰਨ ਦੀ ਵੀ ਸਲਾਹ ਦਿਤੀ ਗਈ ਸੀ | ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਪਹਿਲਾਂ ਵੀ ਇਕ ਸਾਲ ਤੋਂ ਵਧ ਸਮਾਂ ਦਿੱਲੀ ਬੈਠੇ ਰਹੇ ਹਨ ਪਰ ਉਦੋਂ ਕਿਸੇ ਨੇ ਕੁੱਝ ਨਹੀਂ ਕੀਤਾ ਤਾਂ ਹੁਣ ਕਿਸੇ ਨੇ ਕੀ ਕਹਿਣਾ ਸੀ? ਉਨ੍ਹਾਂ ਕਿਹਾ ਕਿ ਮੈਂ ਸ਼ਾਂਤਮਈ ਕਿਸਾਨਾਂ ਉਪਰ ਲਾਠੀ ਜਾਂ ਗੋਲੀ ਤਾਂ ਨਹੀਂ ਚਲਾ ਸਕਦਾ ਪਰ ਉਨ੍ਹਾਂ ਨੂੰ ਗੱਲਬਾਤ ਰਾਹੀਂ ਸਮਝਾ ਸਕਦਾ ਹਾਂ | ਕਿਸਾਨਾਂ ਦੀਆਂ ਕੁੱਝ ਮੰਗਾਂ ਹਾਲੇ ਵੀ ਖੜੀਆਂ ਹਨ, ਜਿਸ ਕਰ ਕੇ ਉਨ੍ਹਾਂ 'ਚ ਰੋਸ ਹੈ ਤੇ ਉਹ ਸ਼ਾਂਤਮਈ ਰੋਸ ਕਰ ਰਹੇ ਹਨ | ਪਰ ਇਸ ਨੂੰ ਪ੍ਰਧਾਨ ਮੰਤਰੀ ਦੀ ਸੁਰਖਿਆ ਨਾਲ ਜੋੜ ਕੇ ਵੇਖਣਾ ਗ਼ਲਤ ਹੈ |
ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ ਤੇ ਉਨ੍ਹਾਂ ਦੇ ਵਾਪਸ ਜਾਣ ਦਾ ਖੇਦ ਜ਼ਰੂਰ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੁੜ ਪੰਜਾਬ 'ਚ ਆਉਣਾ ਚਾਹੀਦਾ ਹੈ | ਜੇ ਉਨ੍ਹਾਂ ਦੀ ਜਾਨ ਨੂੰ ਕੋਈ ਖ਼ਤਰਾ ਹੁੰਦਾ ਹੈ ਤਾਂ ਮੈਂ ਖ਼ੁਦ ਉਨ੍ਹਾਂ ਲਈ ਅੱਗੇ ਹੋ ਕੇ ਖੂਨ ਡੋਲ੍ਹਣ ਨੂੰ ਤਿਆਰ ਹਾਂ | ਰਾਸ਼ਟਰਪਤੀ ਰਾਜ ਦੇ ਚਰਚੇ ਬਾਰੇ ਉਨ੍ਹਾਂ ਕਿਹਾ ਕਿ ਇਸ ਦਾ ਮੈਨੂੰ ਕੋਈ ਡਰ ਨਹੀਂ ਪਰ ਭਾਜਪਾ ਬੇਲੋੜੀ ਰਾਜਨੀਤੀ ਨਾ ਕਰੇ |