ਕੇਂਦਰੀ ਗ੍ਰਹਿ ਮੰਤਰਾਲੇ ਨੇ ਮੋਦੀ ਦੀ ਰੈਲੀ ਰੱਦ ਹੋਣ ਦਾ ਠੀਕਰਾ ਪੰਜਾਬ ਸਰਕਾਰ ਸਿਰ ਭੰਨਿਆ
ਕੇਂਦਰੀ ਗ੍ਰਹਿ ਮੰਤਰਾਲੇ ਨੇ ਮੋਦੀ ਦੀ ਰੈਲੀ ਰੱਦ ਹੋਣ ਦਾ ਠੀਕਰਾ ਪੰਜਾਬ ਸਰਕਾਰ ਸਿਰ ਭੰਨਿਆ
ਸੂਬਾ ਸਰਕਾਰ ਤੋਂ ਸੁਰੱਖਿਆ ਚੂਕ ਦੀ ਗੱਲ ਕਰਦਿਆਂ ਰੀਪੋਰਟ ਮੰਗੀ
ਚੰਡੀਗੜ੍ਹ, 5 ਜਨਵਰੀ (ਗੁਰਉਪਦੇਸ਼ ਭੁੱਲਰ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਵਿਚ ਫ਼ਿਰੋਜ਼ਪੁਰ ਵਿਖੇ ਰੈਲੀ ਰੱਦ ਹੋ ਜਾਣ ਬਾਅਦ ਪੰਜਾਬ ਵਿਚ ਸਿਆਸਤ ਗਰਮਾ ਗਈ ਹੈ | ਕੇਂਦਰੀ ਗ੍ਰਹਿ ਮੰਤਰਾਲੇ ਨੇ ਪ੍ਰਧਾਨ ਮੰਤਰੀ ਦੀ ਦਿੱਲੀ ਵਾਪਸੀ ਨਾਲ ਹੀ ਪ੍ਰਤੀਕਰਮ ਦਿੰਦੇ ਹੋਏ ਰੈਲੀ ਰੱਦ ਹੋਣ ਦਾ ਠੀਕਰਾ ਪੰਜਾਬ ਸਰਕਾਰ ਦੇ ਸਿਰ ਭੰਨ ਦਿਤਾ ਹੈ | ਇਸ ਤੋਂ ਬਾਅਦ ਭਾਜਪਾ ਤੇ ਪੰਜਾਬ ਲੋਕ ਕਾਂਗਰਸ ਵਲੋਂ ਸੂਬੇ ਵਿਚ ਰਾਸ਼ਟਰਪਤੀ ਰਾਜ ਦੀ ਮੰਗ ਉਠਾਈ ਗਈ ਹੈ |
ਪ੍ਰਧਾਨ ਮੰਤਰੀ ਤੋਂ ਲੈ ਕੇ ਭਾਜਪਾ ਦੇ ਕੌਮੀ ਆਗੂਆਂ ਵਲੋਂ ਜਿਸ ਤਰ੍ਹਾਂ ਦੇ ਪ੍ਰਤੀਕਰਮ ਦਿਤੇ ਜਾ ਰਹੇ ਹਨ ਉਸ ਬਾਅਦ ਸਿਆਸੀ ਹਲਕਿਆਂ ਵਿਚ ਇਹ ਚਰਚਾ ਵੀ ਸ਼ੁਰੂ ਹੋ ਚੁੱਕੀ ਹੈ ਕਿ ਭਾਜਪਾ ਇਸ ਦੀ ਆੜ ਵਿਚ ਪੰਜਾਬ ਵਿਚ ਅਮਨ ਕਾਨੂੰਨ ਦੇ ਬਹਾਨੇ ਰਾਸ਼ਟਰਪਤੀ ਰਾਜ ਲਾਗੂ ਕਰ ਕੇ ਵਿਧਾਨ ਸਭਾ ਚੋਣਾਂ ਵੀ ਅੱਗੇ ਪਵਾ ਸਕਦੀ ਹੈ |
ਕੇਂਦਰੀ ਗ੍ਰਹਿ ਮੰਤਰਾਲੇ ਨੇ ਟਵੀਟ ਰਾਹੀਂ ਪ੍ਰਧਾਨ ਮੰਤਰੀ ਦੀ ਰੈਲੀ ਰੱਦ ਹੋਣ ਲਈ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦਸਦਿਆਂ ਸੁਰੱਖਿਆ ਚੂਕ ਦੀ ਗੱਲ ਕਰਦਿਆਂ ਸੂਬਾ ਸਰਕਾਰ ਤੋਂ ਰੀਪੋਰਟ ਵੀ ਮੰਗੀ ਹੈ | ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਪੂਰੇ ਇੰਤਜ਼ਾਮ ਨਹੀਂ ਕੀਤੇ | ਇਸ ਅਣਗਹਿਲੀ ਲਈ ਜ਼ਿੰਮੇਵਾਰੀ ਤੈਅ ਕਰ ਕੇ ਸਖ਼ਤ ਕਾਰਵਾਈ ਲਈ ਕਿਹਾ ਗਿਆ ਹੈ ਅਤੇ ਸਾਰੀ ਰੀਪੋਰਟ ਕੇਂਦਰ ਸਰਕਾਰ ਨੂੰ ਭੇਜਣ ਲਈ ਕਿਹਾ ਗਿਆ ਜਿਸ ਵਿਚ ਦਸਿਆ ਜਾਵੇ ਕਿ ਇਸ ਤਰ੍ਹਾਂ ਕਿਉਂ ਹੋਇਆ? ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਮੌਸਮ ਖ਼ਰਾਬ ਹੋਣ ਕਾਰਨ ਜਦ ਪ੍ਰਧਾਨ ਮੰਤਰੀ ਨੂੰ ਅਚਾਨਕ ਰੂਟ ਬਦਲ ਕੇ ਸੜਕ ਰਸਤੇ ਬਠਿੰਡਾ ਤੋਂ ਫ਼ਿਰੋਜ਼ੁਪਰ ਜਾਣਾ ਪਿਆ ਤਾਂ ਉਸ ਸਮੇਂ ਰੂਟ ਵਾਲੇ ਰਸਤੇ ਖ਼ਾਲੀ ਨਹੀਂ ਕਰਵਾਏ ਗਏ ਅਤੇ ਪ੍ਰਦਰਸ਼ਨਕਾਰੀ ਹੁਸੈਨੀਵਾਲਾ ਤੋਂ 30 ਕਿਲੋਮੀਟਰ ਦੀ ਦੂਰੀ ਉਪਰ ਹੀ ਫਲਾਈ ਓਵਰ ਉਪਰ ਰੋਡ ਜਾਮ ਕਰ ਕੇ ਬੈਠ ਗਏ |
ਪ੍ਰਧਾਨ ਮੰਤਰੀ ਦਾ ਕਾਫ਼ਲਾ ਫਸਣ ਬਾਅਦ 15-20 ਮਿੰਟ ਰੁਕਿਆ ਰਿਹਾ ਤੇ ਆਖ਼ਰ ਉਨ੍ਹਾਂ ਨੂੰ ਸਥਿਤੀ ਨੂੰ ਦੇਖਦਿਆਂ ਪ੍ਰੋਗਰਾਮ ਰੱਦ ਕਰ ਕੇ ਫ਼ਿਰੋਜ਼ਪੁਰ ਜਾਏ ਬਿਨਾਂ ਹੀ ਵਾਪਸ ਦਿੱਲੀ ਜਾਣ ਦਾ ਫ਼ੈਸਲਾ ਲੈਣਾ ਪਿਆ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖ਼ੁਦ ਮੁੱਖ ਮੰਤਰੀ ਚੰਨੀ ਨੂੰ ਮੋਦੀ ਦਾ ਕਾਫ਼ਲਾ ਰੁਕਣ ਸਮੇਂ ਫ਼ੋਨ ਕਰ ਕੇ ਵੀ ਜਾਣੰੂ ਕਰਵਾਇਆ ਸੀ ਪਰ ਇਸ ਦੇ ਬਾਵਜੂਦ ਰਸਤਾ ਖੁਲ੍ਹਵਾਉਣ ਦੀ ਥਾਂ ਪੁਲਿਸ ਨੇ ਅਸਮਰਥਾ ਪ੍ਰਗਟਾ ਦਿਤੀ |