CM ਭਗਵੰਤ ਸਿੰਘ ਮਾਨ ਨੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਟੇਕਿਆ ਮੱਥਾ
ਇਸ ਮੌਕੇ ਉਨ੍ਹਾਂ ਦੀ ਪਤਨੀ ਵੀ ਨਾਲ ਮੌਜੂਦ ਸਨ
CM Bhagwant Singh Mann paid obeisance at Gurdwara Sri Bhatta Sahib News: ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਅੱਜ ਰੋਪੜ ਵਿਖੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਮੀਡੀਆ ਨਾਲ ਗੱਲਬਾਤ ਕਰਦਿਆਂ ਸੀਐਮ ਨੇ ਕਿਹਾ ਕਿ ਉਹ ਗੁਰਦੁਆਰਾ ਭੱਠਾ ਸਾਹਿਬ ਵਿਖੇ ਕੋਈ ਲੀਡਰ ਨਹੀਂ ਸਗੋਂ ਇਕ ਨਿਮਾਣਾ ਸਿੱਖ ਵਜੋਂ ਮੱਥਾ ਟੇਕਣ ਆਏ ਹਨ। ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਵਰਗੀ ਦੁਨੀਆ ਵਿਚ ਹੋਰ ਕੋਈ ਸ਼ਖ਼ਸੀਅਤ ਨਹੀਂ ਹੋਈ ਕਿਉਂਕਿ ਗੁਰੂ ਸਾਹਿਬ ਜਿੱਥੇ ਕਲਮ ਦੇ ਧਨੀ ਸਨ ਉਥੇਹੀ ਤਲਵਾਰ ਦੇ ਧਨੀ ਸਨ ਉਨ੍ਹਾਂ ਦੁਆਰਾ ਰਚਿਤ 'ਚੰਡੀ ਦੀ ਵਾਰ' ਸਿੱਖਾਂ ਵਿਚ ਜੋਸ਼ ਭਰ ਦਿੰਦੀ ਹੈ।
ਇਸ ਮੌਕੇ ਸਿੱਖਿਜ਼ਮ ਆਨ ਵ੍ਹੀਲ ਸ਼ੁਰੂ ਕਰਨ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਂ ਤਖ਼ਤਾਂ ਨੂੰ ਜੋੜਨ ਲਈ ਵਿਸ਼ੇਸ਼ ਟਰੇਨ ਚਾਲੂ ਕੀਤੀ ਜਾਣੀ ਚਾਹੀਦੀ ਹੈ ਤੇ ਇਸ ਦੇ ਨਾਲ ਹੀ ਬਠਿੰਡਾ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ ਰੇਲਵੇ ਲਾਈਨ ਵੀ ਵਿਛਾਉਣੀ ਚਾਹੀਦੀ ਹੈ। ਸੀਐਮ ਨੇ ਦਾਅਵਾ ਕੀਤਾ ਕਿ ਜੇਕਰ ਬਠਿੰਡਾ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ ਰੇਲ ਸੇਵਾ ਸ਼ੁਰੂ ਹੋ ਜਾਵੇ ਤਾਂ ਲੱਖਾਂ ਸ਼ਰਧਾਲੂ ਸਿੱਖਾਂ ਦੇ ਚੌਥੇ ਤਖ਼ਤ 'ਤੇ ਮੱਥਾ ਟੇਕਿਆ ਕਰਨਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਕੋਲ ਧਾਰਮਕ ਕੰਮਾਂ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਹੈ, ਇਸ ਤੋਂ ਪਹਿਲਾਂ ਵੀ ਸਰਕਾਰ ਨੇ ਬੱਸਾਂ ਰਾਹੀਂ ਸੰਗਤ ਨੂੰ ਵੱਖ-ਵੱਖ ਧਾਰਮਕ ਸਥਾਨਾਂ ਦੇ ਦਰਸ਼ਨ ਕਰਵਾਏ ਹਨ। ਜੇਕਰ ਸੰਗਤ ਹੁਣ ਕੋਈ ਸਰਕਾਰ ਨੂੰ ਸੇਵਾ ਲਾਉਂਦੀ ਤਾਂ ਉਹ ਵੀ ਖ਼ੁਸ਼ੀ-ਖ਼ੁਸ਼ੀ ਨਿਭਾਈ ਜਾਵੇਗੀ।