ਲੁਧਿਆਣਾ ’ਚ ਪਿੰਡ ਹਵਾਸ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਦੇਣ ’ਤੇ ਵਿਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਸਤਕਾਰ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ

Controversy over not giving the form of Sri Guru Granth Sahib Ji in Hawas village in Ludhiana

ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਵਾਸ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲੈ ਕੇ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਆਲ ਇੰਡੀਆ ਸਿੱਖ ਸਤਕਾਰ ਕਮੇਟੀ ਨੇ ਇਸ ਮਾਮਲੇ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਸੌਂਪ ਕੇ ਇਨਸਾਫ਼ ਦੀ ਮੰਗ ਕੀਤੀ ਹੈ।

ਸਤਕਾਰ ਕਮੇਟੀ ਦੇ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਿੱਖ ਨੂੰ ਉਸ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇਸ ਕਰਕੇ ਨਹੀਂ ਦਿੱਤਾ ਗਿਆ, ਕਿਉਂਕਿ ਉਹ ਕਾਫ਼ੀ ਸਮੇਂ ਤੋਂ ਗੁਰੂ ਘਰ ਦੀ ਪਰਚੀ ਨਹੀਂ ਕਟਾ ਰਿਹਾ ਸੀ। ਕਮੇਟੀ ਦਾ ਕਹਿਣਾ ਸੀ ਕਿ ਜਦ ਤੱਕ ਪਰਚੀ ਨਹੀਂ ਕਟਾਈ ਜਾਂਦੀ, ਤਦ ਤੱਕ ਮਹਾਰਾਜ ਦਾ ਸਰੂਪ ਨਹੀਂ ਦਿੱਤਾ ਜਾਵੇਗਾ।

ਸਤਕਾਰ ਕਮੇਟੀ ਨੇ ਦੋਸ਼ ਲਗਾਇਆ ਕਿ ਇਹ ਫ਼ੈਸਲਾ ਪੂਰੀ ਤਰ੍ਹਾਂ ਨਿੰਦਣਯੋਗ ਹੈ ਅਤੇ ਗੁਰੂ ਮਰਿਆਦਾ ਦੇ ਖ਼ਿਲਾਫ਼ ਹੈ। ਉਹਨਾਂ ਕਿਹਾ ਕਿ ਇਸ ਤੋਂ ਵੱਡੀ ਨਾਕਾਮੀ ਹੋਰ ਕੀ ਹੋ ਸਕਦੀ ਹੈ ਕਿ ਇੱਕ ਸਿੱਖ ਨੂੰ ਸਿਰਫ਼ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਰੋਕਿਆ ਜਾਵੇ, ਕਿਉਂਕਿ ਉਸ ਨੇ ਗੁਰਦੁਆਰਾ ਕਮੇਟੀ ਨੂੰ ਸੇਵਾ ਜਾਂ ਪਰਚੀ ਨਹੀਂ ਦਿੱਤੀ। ਉਹਨਾਂ ਨੇ ਇਹ ਵੀ ਦੋਸ਼ ਲਗਾਏ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕੋਈ ਵੀ ਅੰਮ੍ਰਿਤਧਾਰੀ ਜਾਂ ਕੇਸਾਧਾਰੀ ਸਿੱਖ ਨਹੀਂ ਹੈ ਅਤੇ ਸ਼ਾਮ ਦੇ ਸਮੇਂ ਸ਼ਰਾਬ ਸੇਵਨ ਕਰਨ ਦੇ ਸਬੂਤ ਵੀ ਮੀਡੀਆ ਨੂੰ ਮੁਹੱਈਆ ਕਰਵਾਏ ਗਏ ਹਨ, ਜਿਨ੍ਹਾਂ ਦੀਆਂ ਤਸਵੀਰਾਂ ਵੀ ਉਪਲਬਧ ਕਰਵਾਈਆਂ ਗਈਆਂ ਹਨ।

ਸਤਕਾਰ ਕਮੇਟੀ ਮੁਤਾਬਕ, ਜਿਸ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਦਿੱਤਾ ਗਿਆ, ਉਹ ਪਿੰਡ ਦਾ ਮੌਜੂਦਾ ਸਰਪੰਚ ਹੈ, ਜਦਕਿ ਇਹ ਰੋਕ ਲਗਾਉਣ ਵਾਲਾ ਵਿਅਕਤੀ ਹਾਰਿਆ ਹੋਇਆ ਸਰਪੰਚ ਹੈ। ਇਹ ਸਾਰਾ ਮਾਮਲਾ ਪਾਰਟੀਬਾਜ਼ੀ ਅਤੇ ਨਿੱਜੀ ਰੰਜਿਸ਼ ਕਾਰਨ ਵਾਪਰਿਆ ਹੈ। ਮੌਜੂਦਾ ਪ੍ਰਧਾਨ ਐਨ ਆਰ ਆਈ ਹੈ, ਜਿਸ ਨੇ ਸਰੂਪ ਦੇਣ ਤੋਂ ਇਨਕਾਰ ਕੀਤਾ ਹੈ। ਹਾਰੇ ਹੋਏ ਸਰਪੰਚ ਦਾ ਦਾਦਾ ਹੈ।

ਆਲ ਇੰਡੀਆ ਸਿੱਖ ਸਤਕਾਰ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਘਟਨਾ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਤਕਾਰ ਕਮੇਟੀ ਨੇ ਕਿਹਾ ਕਿ ਅਜਿਹੀ ਘਟਨਾ ਨਾ ਕਦੇ ਪਹਿਲਾਂ ਵੇਖੀ ਗਈ ਹੈ ਅਤੇ ਨਾ ਹੀ ਸੁਣੀ ਗਈ ਹੈ।