ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੋਂ ਨਾਰਾਜ਼ ਕਿਸਾਨ ਪਟਿਆਲਾ ’ਚ ਹੋਏ ਇਕੱਠੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੱਲੇਵਾਲ ’ਤੇ ਗੰਭੀਰਤਾ ਨਾਲ ਜ਼ਿੰਮੇਵਾਰੀ ਨਾ ਨਿਭਾਉਣ ਦਾ ਲਗਾਇਆ ਇਲਜ਼ਾਮ

Farmers angry with farmer leader Jagjit Singh Dallewal gather in Patiala

ਪਟਿਆਲਾ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਖ਼ਿਲਾਫ਼ ਉਨ੍ਹਾਂ ਦੀ ਆਪਣੀ ਹੀ ਜਥੇਬੰਦੀ ਵੱਲੋਂ ਮੋਰਚਾ ਖੋਲ੍ਹ ਦਿੱਤਾ ਗਿਆ ਹੈ।  ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਵੱਲੋਂ ਡੱਲੇਵਾਲ ’ਤੇ ਗੰਭੀਰਤਾ ਨਾਲ ਜਥੇਬੰਦੀ ਨੂੰ ਨਾ ਚਲਾਉਣ ਦੇ ਇਲਜ਼ਾਮ ਲਾਉਂਦਿਆਂ ਉਨ੍ਹਾਂ ਦੀ ਅਗਵਾਈ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਨਾਲ ਹੀ ਨਵਾਂ ਪ੍ਰਧਾਨ ਚੁਣਨ ਦੀ ਗੱਲ ਵੀ ਆਖ਼ ਦਿੱਤੀ ਹੈ। ਇਸ ਦੇ ਨਾਲ ਹੀ ਜਥੇਬੰਦੀ ਵੱਲੋਂ ਕਿਸਾਨੀ ਮੋਰਚੇ ਦੌਰਾਨ ਮਾਰੇ ਗਏ ਨੌਜਵਾਨ ਸ਼ੁੱਭਕਰਨ ਦੀ ਮੌਤ ਲਈ ਵੀ ਡੱਲੇਵਾਲ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੰਸਥਾਪਕ ਮਰਹੂਮ ਪਿਸ਼ੌਰਾ ਸਿੰਘ ਸਿੱਧੂ ਦੇ ਪੁੱਤਰ ਦਲਵੀਰ ਸਿੰਘ ਸਿੱਧੂਪੁਰ ਵੱਲੋਂ ਪਟਿਆਲਾ ਵਿਚ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਯੂਨੀਅਨ ਦੇ ਕੁਝ ਆਗੂਆਂ ਨੇ ਉਨ੍ਹਾਂ ਕੋਲ ਆ ਕੇ ਜਗਜੀਤ ਸਿੰਘ ਡੱਲੇਵਾਲ ਬਾਰੇ ਗੰਭੀਰ ਇਲਜ਼ਾਮ ਲਗਾਏ ਹਨ।
ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਵੱਲੋਂ ਤਾਨਾਸ਼ਾਹੀ ਢੰਗ ਨਾਲ ਜਥੇਬੰਦੀ ਨੂੰ ਚਲਾਇਆ ਜਾ ਰਿਹਾ ਹੈ ਅਤੇ ਇਕ-ਇਕ ਕਰਕੇ ਯੂਨੀਅਨ ਦੇ ਕਈ ਲੀਡਰਾਂ ਨੂੰ ਜਥੇਬੰਦੀ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਿਸਾਨੀ ਮੋਰਚੇ ਦੌਰਾਨ ਹੋਏ ਨੁਕਸਾਨ ਅਤੇ ਸ਼ੁੱਭਕਰਨ ਦੀ ਮੌਤ ਲਈ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ 6 ਸਾਲਾਂ ਤੋਂ ਯੂਨੀਅਨ ਦੀ ਚੋਣ ਨਹੀਂ ਹੋਈ। ਉਨ੍ਹਾਂ ਨੇ ਫ਼ਿਲਹਾਲ ਡੱਲੇਵਾਲ ਦੀ ਅਗਵਾਈ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਸਮੂਹਿਕ ਤੌਰ 'ਤੇ ਜਥੇਬੰਦੀ ਚਲਾਉਣ ਦਾ ਫ਼ੈਸਲਾ ਲਿਆ ਹੈ ਤੇ ਆਉਣ ਵਾਲੇ ਸਮੇਂ ਵਿਚ ਨਵੇਂ ਸਿਰੇ ਤੋਂ ਪ੍ਰਧਾਨ ਦੀ ਚੋਣ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੰਸਥਾਪਕ ਮਰਹੂਮ ਪਿਸ਼ੌਰਾ ਸਿੰਘ ਸਿੱਧੂ ਦੇ ਪੁੱਤਰ ਦਲਵੀਰ ਸਿੰਘ ਨੂੰ ਕਨਵੀਨਰ ਵੀ ਨਿਯੁਕਤ ਕੀਤਾ ਗਿਆ।