ਫੂਲਕਾ-ਖਹਿਰਾ ਅਤੇ ਬਲਦੇਵ ਦੇ ਅਸਤੀਫ਼ੇ ਫਿਰ ਲਟਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ 'ਆਪ' ਦੀਆਂ ਸਫ਼ਾਂ ਅੰਦਰ ਪਿਛਲੇ 3-4 ਮਹੀਨਿਆਂ ਤੋਂ ਹੋ ਰਹੀ ਉਥਲ-ਪੁਥਲ, ਅਸਤੀਫ਼ਿਆਂ ਦੇ ਐਲਾਨ ਅਤੇ ਬਣਾਈ ਨਵੀਂ ਪਾਰਟੀ....

Harwinder Singh Phoolka & Sukhpal Khaira

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ 'ਆਪ' ਦੀਆਂ ਸਫ਼ਾਂ ਅੰਦਰ ਪਿਛਲੇ 3-4 ਮਹੀਨਿਆਂ ਤੋਂ ਹੋ ਰਹੀ ਉਥਲ-ਪੁਥਲ, ਅਸਤੀਫ਼ਿਆਂ ਦੇ ਐਲਾਨ ਅਤੇ ਬਣਾਈ ਨਵੀਂ ਪਾਰਟੀ ਦੇ ਨਤੀਜੇ ਵਜੋਂ ਦਾਖਾ, ਭੁਲੱਥ ਤੇ ਜੈਤੋ ਵਿਧਾਨ ਸਭਾ ਹਲਕਿਆਂ ਦੇ ਖ਼ਾਲੀ ਹੋਣ ਦੇ ਆਸਾਰ ਤਾਂ ਵੱਧ ਗਏ ਸਨ ਪਰ ਸੱਤਾਧਾਰੀ ਕਾਂਗਰਸ ਅਜੇ ਨਹੀਂ ਚਾਹੁੰਦੀ ਕਿ ਇਨ੍ਹਾਂ ਸੀਟਾਂ 'ਤੇ ਲੋਕ ਸਭਾ ਚੋਣਾਂ ਦੇ ਨਾਲ ਹੀ ਜ਼ਿਮਨੀ ਚੋਣਾਂ ਕਰਵਾਈਆਂ ਜਾਣ। ਸਪੀਕਰ ਵਿਧਾਨ ਸਭਾ ਨੇ ਟਾਲ-ਮਟੋਲ ਕਰ ਕੇ ਅਸਤੀਫ਼ਿਆਂ 'ਤੇ ਫ਼ੈਸਲਾ ਲੈਣਾ ਲਟਕਾਇਆ ਹੋਇਆ ਹੈ। ਦਾਖਾ ਸੀਟ ਤੋਂ 'ਆਪ' ਦੇ ਵਿਧਾਇਕ ਸ. ਹਰਵਿੰਦਰ ਸਿੰਘ ਫੂਲਕਾ ਨੇ ਅਕਤੂਬਰ ਮਹੀਨੇ ਹੀ

ਸਪੀਕਰ ਨੂੰ 2 ਸਫ਼ਿਆਂ ਦੀ ਚਿੱਠੀ ਭੇਜ ਕੇ ਅਸਤੀਫ਼ਾ ਦੇ ਦਿਤਾ ਸੀ ਮਗਰੋਂ 11 ਜਨਵਰੀ ਨੂੰ ਖ਼ੁਦ ਰਾਣਾ ਕੇ.ਪੀ. ਸਿੰਘ ਨੂੰ ਮਿਲ ਕੇ ਇਸ ਅਸਤੀਫ਼ੇ ਦੀ ਤਾਈਦ ਕਰ ਦਿਤੀ ਸੀ। ਹੁਣ ਫਿਰ ਮਹੀਨੇ ਬਾਅਦ ਵਿਧਾਨ ਸਭਾ ਸਕੱਤਰੇਤ ਨੇ ਚਿੱਠੀ ਭੇਜ ਕੇ ਸ. ਫੂਲਕਾ ਨੂੰ 20 ਫ਼ਰਵਰੀ ਸਵੇਰੇ 11 ਵਜੇ ਦਾ ਸਮਾਂ ਦੇ ਦਿਤਾ ਹੈ। ਇਸ ਤਰ੍ਹਾਂ ਭੁਲੱਥ ਤੋਂ 'ਆਪ' ਵਿਧਾਇਕ ਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਮਹੀਨੇ ਵਖਰੀ ਪਾਰਟੀ ਬਣਾਉਣ ਦਾ ਐਲਾਨ ਕਰ ਦਤਾ ਅਤੇ ਭੁਲੱਥ ਤੋਂ ਇਕ ਵੋਟਰ ਅਤੇ ਵਿਰੋਧੀ ਧਿਰ ਦੇ ਨੇਤਾ ਸ. ਹਰਪਾਲ ਚੀਮਾ ਨੇ ਪਟੀਸ਼ਨਾਂ ਪਾ ਦਿਤੀਆਂ। ਸਪੀਕਰ ਨੇ ਪਹਿਲਾਂ 15 ਦਿਨ ਦਾ ਨੋਟਿਸ

ਸ. ਖਹਿਰਾ ਨੂੰ ਭੇਜਿਆ, ਹੁਣ ਫਿਰ ਅੱਜ ਵਿਧਾਨ ਸਭਾ ਸਕੱਤਰੇਤ ਨੇ ਸ. ਖਹਿਰਾ ਨੂੰ ਹੋਰ 15 ਦਿਨ ਦਾ ਸਮਾਂ ਦੇ ਦਿਤਾ ਹੈ। ਪਤਾ ਲੱਗਾ ਹੈ ਕਿ ਜਿਸ ਪਤੇ ਕੋਠੀ ਨੰਬਰ 6, ਸੈਕਟਰ-5 ਯਾਨੀ ਖਹਿਰਾ ਦੀ ਰਿਹਾਇਸ਼ 'ਤੇ ਚਿੱਠੀ ਭੇਜੀ ਜਾਂਦੀ ਹੈ ਉਥੇ ਸਟਾਫ਼ ਨੂੰ ਹਦਾਇਤ ਹੈ ਕਿ ਚਿੱਠੀ ਲੈਣ ਤੋਂ ਇਨਕਾਰ ਕਰ ਦਿਤਾ ਜਾਵੇ। ਮਾਮਲਾ ਲਟਕਾਉਣ ਦੀ ਨਵੀਂ ਸਕੀਮ ਹੈ। ਜੈਤੋ ਤੋਂ 'ਆਪ' ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਵੀ ਐਲਾਨੀਆ 'ਪੰਜਾਬੀ ਏਕਤਾ ਪਾਰਟੀ' 'ਚ ਚਲੇ ਗਏ ਹਨ, ਉਨ੍ਹਾਂ ਦਾ ਅਸਤੀਫ਼ਾ ਵੀ ਲਟਕਾਇਆ ਹੋਇਆ ਹੈ। ਉਨ੍ਹਾਂ ਨੂੰ ਪਿਛਲੇ 20 ਦਿਨਾਂ ਤੋਂ ਅਸਤੀਫ਼ੇ ਬਾਰੇ ਕੋਈ ਨੋਟਿਸ ਨਹੀਂ ਭੇਜਿਆ ਗਿਆ ਤੇ ਨਾ ਹੀ ਅਸਤੀਫ਼ਾ ਪ੍ਰਵਾਨ ਕੀਤਾ ਹੈ।