ਗ੍ਰੇਟਾ ਥਨਬਰਗ ਦੇ ਟੂਲਕਿਟ ’ਤੇ ਦਿੱਲੀ ਪੁਲਿਸ ਸਰਗਰਮ
ਗ੍ਰੇਟਾ ਥਨਬਰਗ ਦੇ ਟੂਲਕਿਟ ’ਤੇ ਦਿੱਲੀ ਪੁਲਿਸ ਸਰਗਰਮ
ਨਵੀਂ ਦਿੱਲੀ, 5 ਫ਼ਰਵਰੀ: ਵਾਤਾਵਰਣ ਪ੍ਰੇਮੀ ਤੇ ਸਮਾਜ ਸੇਵਕ ਗ੍ਰੇਟਾ ਥਨਬਰਗ ਵਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਹੋਏ ਟੂਲਕਿੱਟ ਦਾ ਮਾਮਲਾ ਹੁਣ ਸੁਲਝਦਾ ਨਜ਼ਰ ਆ ਰਿਹਾ ਹੈ। ਦਿੱਲੀ ਪੁਲਿਸ ਗੂਗਲ ਤੋਂ ਉਸ ਆਈਪੀ ਐਡਰੈੱਸ ਅਤੇ ਲੋਕੇਸ਼ਨ ਦੀ ਜਾਣਕਾਰੀ ਮੰਗਣ ਜਾ ਰਹੀ ਹੈ, ਜਿਥੋਂ ਪਹਿਲੀ ਵਾਰ ਟੂਲਕਿੱਟ ਨੂੰ ਗੂਗਲ ਡਾਕਸ ’ਤੇ ਅਪਲੋਡ ਕੀਤਾ ਗਿਆ ਸੀ।
ਹੁਣ ਦਿੱਲੀ ਪੁਲਿਸ ਇਸ ਬਾਰੇ ਤੇਜ਼ੀ ਨਾਲ ਪੜਤਾਲ ਕਰ ਰਹੀ ਹੈ ਕਿ ਆਖ਼ਰ ਗ੍ਰੇਟਾ ਨੂੰ ਟੂਲਕਿੱਟ ਕਿਥੋਂ ਪ੍ਰਾਪਤ ਹੋਈ। ਖ਼ਬਰਾਂ ਅਨੁਸਾਰ ਗ੍ਰੇਟਾ ਥਨਬਰਗ ਨੂੰ ਇਹ ਟੂਲਕਿਟ ਇਕ ਖ਼ਾਲਿਸਤਾਨ ਸਮਰਥਕ ਸੰਗਠਨ ਨੇ ਉਪਲੱਬਧ ਕਰਵਾਏ ਸਨ ਅਤੇ ਉਥੇ ਹੀ ਥਨਬਰਗ ਨੂੰ ਫੰਡਿੰਗ ਵੀ ਉਪਲੱਬਧ ਕਰਵਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਕਿਸਾਨ ਜਥੇਬੰਦੀਆਂ ਨਾਲ ਜੁੜੇ ਆਗੂਆਂ ਨੂੰ ਪਹਿਲਾਂ ਹੀ ਦੱਸ ਚੁਕਾ ਹੈ ਕਿ ਕਿਸਾਨ ਅੰਦੋਲਨ ਦੀ ਆੜ ’ਚ ਖ਼ਾਲਿਸਤਾਨੀ ਸਮਰਥਕ ਸੰਗਠਨ ਸਰਗਰਮ ਹੋ ਚੁਕੇ ਹਨ।
ਇਸ ਤੋਂ ਪਹਿਲਾਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਹੁਣ ਕਾਂਗਰਸ ਖੁਲ੍ਹ ਕੇ ਵਿਦੇਸ਼ੀ ਹਸਤੀਆਂ ਤੇ ਸਮਾਜਕ ਕਾਰਕੰਨਾਂ ਦੇ ਸਮਰਥਨ ’ਚ ਆ ਗਈ ਹੈ। ਲੋਕ ਸਭਾ ’ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਵਿਵਾਦਤ ਵਾਤਾਵਰਣ ਪ੍ਰੇਮੀ ਗ੍ਰੇਟਾ ਥਨਬਰਗ ਦਾ ਸਮਰਥਨ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਮੋਦੀ ’ਤੇ ਸ਼ਬਦੀ ਹਮਲੇ ਕੀਤੇ। (ਏਜੰਸੀ)