ਮੋਦੀ ਸਰਕਾਰ ਨੂੰ ਰੱਦ ਕਰਨੇ ਪੈਣਗੇ ਖੇਤੀ ਕਾਨੂੰਨ, ਸਫ਼ਲ ਚੱਕਾ ਜਾਮ ਦੌਰਾਨ ਕਿਸਾਨਾਂ ਨੇ ਜਤਾਈ ਉਮੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤੀ ਕਾਨੂੰਨਾਂ ਖਿਲਾਫ਼ ਡਟੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੂਰੇ ਦੇਸ਼ ਵਿਚ ਚੱਕਾ....

Kissan

ਨਵੀਂ ਦਿੱਲੀ (ਸੁਰਖ਼ਾਬ ਚੰਨ): ਖੇਤੀ ਕਾਨੂੰਨਾਂ ਖਿਲਾਫ਼ ਡਟੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੂਰੇ ਦੇਸ਼ ਵਿਚ ਚੱਕਾ ਜਾਮ ਦੇ ਦਿੱਤੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਖਾਸਕਰ ਪੰਜਾਬ ਤੇ ਹਰਿਆਣਾ ਵਿਚ ਵੱਡੀ ਗਿਣਤੀ ਕਿਸਾਨਾਂ ਨੇ ਸੜਕਾਂ ਮੱਲ ਲਈਆਂ ਸਨ। ਦੋਵਾਂ ਸੂਬਿਆਂ ਤੋਂ ਇਲਾਵਾ ਆਗਰਾ-ਮੁੰਬਈ ਹਾਈਵੇ ਅਤੇ ਆਗਰਾ ਝਾਂਸੀ ਹਾਈਵੇ ਪੂਰੀ ਤਰ੍ਹਾਂ ਜਾਮ ਰਿਹਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਇਹ ਚੱਕਾ ਜਾਮ 6 ਫ਼ਰਵਰੀ ਨੂੰ ਕੀਤਾ ਜਾਵੇਗਾ, ਅਤੇ ਦੁਪਿਹਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਮੁਕੰਮਲ ਤੌਰ ‘ਤੇ ਆਵਾਜਾਈ ਠੱਪ ਰਹੇਗੀ।

ਇਸ ਦੌਰਾਨ ਪੂਰੇ ਦੇਸ਼ ਵਿਚ ਸਫ਼ਲ ਚੱਕਾ ਜਾਮ ਤੋਂ ਬਾਅਦ ਸਿੰਘੂ ਬਾਰਡਰ ‘ਤੇ ਸਪੋਕਸਮੈਨ ਦੇ ਪੱਤਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ, ਚੱਕਾ ਜਾਮ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਰਕਾਰ ਹੁਣ ਬੁਖਲਾਹਟ ਵਿਚ ਆ ਚੁੱਕੀ ਹੈ, ਜਿਸ ਕਾਰਨ ਉਸਨੂੰ ਹੁਣ ਪਤਾ ਨਹੀਂ ਲੱਗ ਰਿਹਾ ਕਿ ਕੀ ਕੀਤਾ ਜਾਵੇ। ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਉਤੇ ਕਿਸਾਨੀ ਅੰਦੋਲਨ ਦਾ ਪੂਰਾ ਦਬਾਅ ਬਣਿਆ ਹੋਇਆ ਪਰ ਭਾਜਪਾ ਸਰਕਾਰ ਆਪਣਾ ਅਡੀਅਲ ਰਵੱਈਆ ਛੱਡਣਾ ਨਹੀਂ ਚਾਹੁੰਦੀ।

ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਖੇਤੀ ਦੇ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਅਸੀਂ ਇੱਥੇ ਨਹੀਂ ਜਾਵਾਂਗੇ। ਕਿਸਾਨਾਂ ਨੇ ਕਿਹਾ ਕਿ ਖੇਤੀ ਮੰਤਰੀ ਤੋਮਰ ਵੱਲੋਂ ਕਿਹਾ ਗਿਆ ਸੀ ਕਿ ਇਹ ਮੁੱਦਾ ਇੱਕਲੇ ਪੰਜਾਬ ਦਾ ਪਰ ਨਹੀਂ ਇਹ ਮੁੱਦਾ ਹੁਣ ਪੂਰੇ ਭਾਰਤ ਦੇ ਕਿਸਾਨਾਂ ਦਾ ਹੈ ਜੋ ਅੱਜ ਸਾਰੀ ਦੁਨੀਆਂ ਨੂੰ ਦੇਖਣ ਨੂੰ ਮਿਲਿਆ ਹੈ ਇਸਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਜੇ ਤੋਮਰ ਕਹਿ ਰਹੇ ਹਨ ਕਿ ਖੇਤੀ ਕਾਨੂੰਨਾਂ ਵਿਚ ਸਰਕਾਰ ਸੋਧ ਕਰਨ ਨੂੰ ਤਿਆਰ ਹੈ ਪਰ ਜੇ ਕਾਨੂੰਨ ਸਹੀ ਹਨ ਤਾਂ ਸਰਕਾਰ ਸੋਧਾਂ ਕਿਉਂ ਕਰ ਰਹੀ ਹੈ।

ਕਿਸਾਨਾਂ ਨੇ ਕਿਹਾ ਕਿ ਸਰਕਾਰ ਆਪਣੀਆਂ ਨਿੱਤ-ਨਵੀਆਂ ਚਾਲਾਂ ਚਲ ਰਹੀ ਹੈ ਕਿ ਕਿਵੇਂ-ਨਾ-ਕਿਵੇਂ ਇਸ ਅੰਦੋਲਨ ਨੂੰ ਤੋੜਿਆ ਜਾਵੇ ਪਰ ਅਸੀਂ ਉਦੋਂ ਤੱਕ ਇੱਥੋਂ ਨਹੀਂ ਜਾਵਾਂਗੇ ਜਦੋਂ ਤੱਕ ਕਿਸਾਨ ਵਿਰੋਧੀ ਕਾਲੇ ਕਾਨੂੰਨ ਸਰਕਾਰ ਵਾਪਸ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਤਾ ਹੋਣਾ ਚਾਹੀਦੈ ਕਿ ਸਾਡਾ ਵਾਹ ਕਿਸ ਨਾਲ ਪਿਆ ਹੈ, ਇਹ ਕੌਮ ਸ਼ੇਰਾਂ ਦੀ ਹੈ, ਅੱਗੇ ਪੈਰ ਰੱਖ ਕੇ ਪਿੱਛੇ ਨਹੀਂ ਮੁੜਦੇ, ਸੋ ਅਸੀਂ ਜਿੱਤ ਕੇ ਹੀ ਜਾਵਾਂਗੇ।