ਸੋਨੂੰ ਸੂਦ ਨੇ ਨਾਜਾਇਜ਼ ਉਸਾਰੀ ’ਤੇ ਹਾਈ ਕੋਰਟ ਦੇ ਹੁਕਮਾਂ ਵਿਰੁਧ ਪਟੀਸ਼ਨ ਵਾਪਸ ਲਈ
ਸੋਨੂੰ ਸੂਦ ਨੇ ਨਾਜਾਇਜ਼ ਉਸਾਰੀ ’ਤੇ ਹਾਈ ਕੋਰਟ ਦੇ ਹੁਕਮਾਂ ਵਿਰੁਧ ਪਟੀਸ਼ਨ ਵਾਪਸ ਲਈ
ਨਵੀਂ ਦਿੱਲੀ, 5 ਫ਼ਰਵਰੀ : ਬਾਲੀਵੁਡ ਅਦਾਕਾਰ ਸੋਨੂੰ ਸੂਦ ਨੇ ਸ਼ੁਕਰਵਾਰ ਨੂੰ ਸੁਪਰੀਮ ਕੋਰਟ ਤੋਂ ਅਪਣੀ ਪਟੀਸ਼ਨ ਵਾਪਸ ਲੈ ਲਈ, ਜਿਸ ਵਿਚ ਉਨ੍ਹਾਂ ਨੇ ਮੁੰਬਈ ਦੇ ਜੁਹੂ ਇਲਾਕੇ ਵਿਚ ਅਪਣੀ ਰਿਹਾਇਸ਼ ‘ਤੇ ਕਥਿਤ ਨਾਜਾਇਜ਼ ਉਸਾਰੀ ਨਾਲ ਜੁੜੇ ਉਸ ਦੇ ਕੇਸ ਨੂੰ ਰੱਦ ਕਰਨ ਲਈ ਬੰਬੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਨੌਤੀ ਦਿਤੀ ਸੀ।
ਪਟੀਸ਼ਨ ਨੂੰ ਵਾਪਸ ਲੈਣ ਦੀ ਇਜਾਜ਼ਤ ਦਿੰਦਿਆਂ ਸੁਪਰੀਮ ਕੋਰਟ ਨੇ ਜ਼ੁਬਾਨੀ ਕਿਹਾ ਕਿ ਜਦੋਂ ਤਕ ਅਥਾਰਟੀ ਵਲੋਂ ਰੈਗੂਲਰ ਕਰਨ ਦੀ ਅਰਜ਼ੀ ’ਤੇ ਕੋਈ ਫ਼ੈਸਲਾ ਨਹੀਂ ਲਿਆ ਜਾਂਦਾ ਉਦੋਂ ਤਕ ਸੂਦ ਵਿਰੁਧ ਕੋਈ ਦੰਡਕਾਰੀ ਕਾਰਵਾਈ ਨਾ ਕੀਤੀ ਜਾਵੇ।
ਚੀਫ਼ ਜਸਟਿਸ ਐਸ.ਏ. ਬੋਬੜੇ, ਜਸਟਿਸ ਏ.ਐੱਸ. ਬੋਪੰਨਾ ਅਤੇ ਜਸਟਿਸ ਵੀ. ਰਾਮਸੂਬਰਾਮਨੀਅਮ ਦੀ ਬੈਂਚ ਨੂੰ ਸੂਦ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਦਸਿਆ ਕਿ ਉਹ ਸੁਪਰੀਮ ਕੋਰਟ ਤੋਂ ਅਪਣੀ ਪਟੀਸ਼ਨ ਵਾਪਸ ਲੈ ਲੈਣਗੇ।
ਹਾਈ ਕੋਰਟ ਨੇ ਸੂਦ ਦੇ ਜੂਹੁ ਵਿਖੇ ਇਕ ਰਿਹਾਇਸ਼ੀ ਇਮਾਰਤ ਵਿਚ ਕਥਿਤ ਤੌਰ ’ਤੇ ਗ਼ੈਰਕਨੂੰਨੀ ਉਸਾਰੀ ਨੂੰ ਲੈ ਕੇ ਬ੍ਰਿਹਾਨਮਬਾਈ ਮਿਊਂਸਿਪਲ ਕਾਰਪੋਰੇਸ਼ਨ (ਬੀਐਮਸੀ) ਵਲੋਂ ਭੇਜੇ ਨੋਟਿਸ ਵਿਰੁਧ ਅਦਾਕਾਰ ਦੀ ਅਪੀਲ ਰੱਦ ਕਰ ਦਿਤੀ ਸੀ।
ਰੋਹਤਗੀ ਨੇ ਕਿਹਾ ਕਿ ਉਨ੍ਹਾਂ ਨੇ ਅਦਾਕਾਰ ਨੂੰ ਪਟੀਸ਼ਨ ਵਾਪਸ ਲੈਣ ਦੀ ਸਲਾਹ ਦਿਤੀ ਹੈ ਅਤੇ ਇਸ ਦੀ ਥਾਂ ਉਹ ਇਹ ਛੋਟ ਚਾਹੁੰਦੇ ਹਨ ਕਿ ਨਿਗਮ ਰੈਗੂਲਰ ਕਰਨ ਦੀ ਉਸ ਦੀ ਅਰਜ਼ੀ ਬਾਰੇ ਫ਼ੈਸਲਾ ਕਰੇ।
ਬੈਂਚ ਨੇ ਵੀਡੀਉ ਕਾਨਫ਼ਰੰਸ ਰਾਹੀਂ ਸੁਣਵਾਈ ਕਰਦਿਆਂ ਕਿਹਾ ਕਿ ਇਹ ਚੰਗੀ ਸਲਾਹ ਹੈ। ਇਹ ਪੂਰੀ ਤਰ੍ਹਾਂ ਸਹੀ ਸਲਾਹ ਹੈ, ਜੋ ਅਕਸਰ ਨਹੀਂ ਹੁੰਦੀ। ਅਧਿਕਾਰੀ ਅਰਜ਼ੀ ਉੱਤੇ ਕਾਨੂੰਨ ਅਨੁਸਾਰ ਫ਼ੈਸਲਾ ਕਰਨ। (ਪੀਟੀਆਈ)
-----------