ਤਹਿਰੀਕ-ਏ-ਤਾਲਿਬਾਨ ਪਿਛਲੇ ਸਾਲ ਹੋਏ 100 ਹਮਲਿਆਂ ਲਈ ਜ਼ਿੰਮੇਵਾਰ : ਯੂਐਨ

ਏਜੰਸੀ

ਖ਼ਬਰਾਂ, ਪੰਜਾਬ

ਤਹਿਰੀਕ-ਏ-ਤਾਲਿਬਾਨ ਪਿਛਲੇ ਸਾਲ ਹੋਏ 100 ਹਮਲਿਆਂ ਲਈ ਜ਼ਿੰਮੇਵਾਰ : ਯੂਐਨ

image

ਸੰਯੁਕਤ ਰਾਸ਼ਟਰ, 6 ਫ਼ਰਵਰੀ : ਸੰਯੁਕਤ ਰਾਸ਼ਟਰ ਦੀ ਇਕ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਅਤਿਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਪਿਛਲੇ ਸਾਲ ਜੁਲਾਈ ਤੋਂ ਅਕਤੂਬਰ ਵਿਚਕਾਰ 100 ਤੋਂ ਜ਼ਿਆਦਾ ਹਮਲਿਆਂ ਲਈ ਜ਼ਿੰਮੇਵਾਰ ਹੈ। ਅਲਕਾਇਦਾ ਦੀ ਦੇਖਰੇਖ ਵਿਚ ਅਫ਼ਗਾਨਿਸਤਾਨ ਵਿਚ ਇਸ ਦੇ ਛੋਟੇ-ਛੋਟੇ ਸਮੂਹ ਇਕ ਹੋ ਗਏ ਹਨ ਅਤੇ ਇਸ ਘਟਨਾਕ੍ਰਮ ਨਾਲ ਅਫ਼ਗਾਨਿਸਤਾਨ ਅਤੇ ਖੇਤਰ ਵਿਚ ਖ਼ਤਰਾ ਵਧਣ ਦਾ ਖ਼ਦਸ਼ਾ ਹੈ।
ਐਨਾਲਿਟੀਕਲ ਸਪੋਰਟ ਐਂਡ ਸੈਂਕਸ਼ਨ ਮਾਨੀਟਰਿੰਗ ਟੀਮ ਦੀ 27ਵੀਂ ਰੀਪੋਰਟ ਮੁਤਾਬਕ ਪਿਛਲੇ ਸਾਲ ਜੁਲਾਈ ਅਤੇ ਅਗਸਤ ਵਿਚ ਪੰਜ ਸਮੂਹਾਂ ਨੇ ਟੀਟੀਪੀ ਨਾਲ ਇਕਜੁੱਟਤਾ ਦੀ ਸਹੁੰ ਚੁੱਕੀ ਸੀ। ਇਨ੍ਹਾਂ ਵਿਚ ਸ਼ਹਿਰਯਾਰ ਮਹਿਸੂਦ ਗਰੁੱਪ, ਜਮਾਤ-ਉਲ-ਅਹਰਾਰ, ਹਿਜ਼ਬ-ਉਲ-ਅਹਿਰਾਰ, ਅਮਜ਼ਦ ਫਾਰੂਕੀ ਗਰੁੱਪ ਅਤੇ ਉਸਮਾਨ ਸੈਫੁੱਲ੍ਹਾ ਗਰੁੱਪ (ਪੁਰਾਣਾ ਲਸ਼ਕਰ-ਏ-ਝਾਂਗਵੀ) ਸ਼ਾਮਲ ਹਨ। ਰੀਪੋਰਟ ਮੁਤਾਬਕ ਇਸ ਨਾਲ ਟੀਟੀਪੀ ਦੀ ਤਾਕਤ ਵੱਧ ਗਈ ਹੈ ਜਿਸ ਦੇ ਨਤੀਜੇ ਵਜੋਂ ਖੇਤਰ ਵਿਚ ਹਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਕ ਮੈਂਬਰ ਦੇਸ਼ ਦੇ ਅੰਦਾਜ਼ੇ ਮੁਤਾਬਕ ਟੀਟੀਪੀ ਦੇ ਅਤਿਵਾਦੀਆਂ ਦੀ ਗਿਣਤੀ 2,500 ਤੋਂ 6,000 ਵਿਚਕਾਰ ਹੈ।    (ਪੀਟੀਆਈ)