ਚੇਨੰਈ, 5 ਫ਼ਰਵਰੀ : ਕਪਤਾਨ ਜੋ. ਰੂਟ ਨੇ ਅਪਣੀ ਸ਼ਾਨਦਾਰ ਲੈਅ ਜਾਰੀ ਰਖਦੇ ਹੋਏ ਅਪਣੇ 100ਵੇਂ ਟੈਸਟ ਮੈਚ ਵਿਚ ਸੈਂਕੜਾ ਲਗਾਇਆ, ਜਿਸ ਨਾਲ ਇੰਗਲੈਂਡ ਨੇ ਭਾਰਤ ਵਿਰੁਧ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਸ਼ੁਰੂਆਤੀ ਦਿਨ ਤਿੰਨ ਵਿਕਟਾਂ ਦੇ ਨੁਕਸਾਨ ਨਾਲ 263 ਦੌੜਾਂ ਬਣਾ ਕੇ ਮਜ਼ਬੂਤ ਨੀਂਹ ਰੱਖੀ। ਸ਼੍ਰੀਲੰਕਾ ਦੌਰੇ ਵਿਚ ਦੋਹਾਂ ਟੈਸਟ ਮੈਚਾਂ ਵਿਚ ਸੈਂਕੜਾ ਬਨਾਉਣ ਵਾਲੇ ਰੂਟ 128 ਦੌੜਾਂ ਬਣਾ ਕੇ ਖੇਡ ਰਹੇ ਹਨ। ਉਨ੍ਹਾਂ ਨੇ ਸਲਾਮੀ ਬੱਲੇਬਾਜ਼ ਡਾਮ ਸਿਬਲੇ (87 ਦੌੜਾਂ) ਨਾਲ ਤੀਜੇ ਵਿਕਟ ਲਈ 200 ਦੌੜਾਂ ਦੀ ਭਾਈਵਾਲੀ ਕੀਤੀ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ਵਿਚ ਥਾਂ ਬਨਾਉਣ ਦੇ ਲਿਹਾਜ਼ ਨਾਲ ਇਹ ਲੜੀ ਮਹੱਤਵਪੂਰਨ ਹੈ।
ਭਾਰਤੀ ਗੇਂਦਬਾਜ਼ਾਂ ਨੇ ਪਹਿਲੇ ਸਤਰ ਵਿਚ ਦੋ ਵਿਕਟ ਹਾਸਲ ਕੀਤੇ ਪਰ ਇਸ ਤੋਂ ਬਾਅਦ ਉਹ ਰੂਟ ਦੇ ਸਟ੍ਰੋਕਾਂ ਨਾਲ ਸਜੀ ਪਾਰੀ ਅਤੇ ਸਿਬਲੇ ਦੀ ਸ਼ਾਂਤ ਬੱਲੇਬਾਜ਼ੀ ਕਾਰਨ ਜੂਝਦੇ ਹੋਏ ਨਜ਼ਰ ਆਏ। ਪਾਰਤ ਤਿੰਨ ਸਪਿਨਰਾਂ ਨਾਲ ਉਤਰਿਆ ਹੈ ਪਰ ਰਵਿਚੰਦਰਨ ਅਸ਼ਵਿਨ ਹੀ ਕੁਝ ਪ੍ਰਭਾਵ ਛੱਡ ਸਕੇ। ਵਾਸ਼ਿੰਗਟਨ ਸੁੰਦਰ ਅਤੇ ਸ਼ਾਹਬਾਜ਼ ਨਦੀਮ ਔਸਤ ਗੇਂਦਬਾਜ਼ ਨਜ਼ਰ ਆਏ। ਅਜਿਹੇ ਵਿਚ ਸੱਜੇ ਹੱਥ ਦੇ ਕਲਾਈ ਦੇ ਸਪਿਨਰ ਕੁਲਦੀਪ ਯਾਦਵ ਨੂੰ ਬਾਹਰ ਰੱਖਣ ਦਾ ਫ਼ੈਸਲਾ ਸਵਾਲ ਪੈਦਾ ਕਰਦਾ ਹੈ।
ਰੂਟ ਅਪਦੇ 100ਵੇਂ ਟੈਸਟ ਮੈਚ ਵਿਚ ਸੈਂਕੜਾ ਜੜਨ ਵਾਲੇ ਨੌਵੇਂ ਬੱਲੇਬਾਜ਼ ਬਣੇ। ਇੰਗਲੈਂਡ ਵਲੋਂ ਉਨ੍ਹਾਂ ਤੋਂ ਪਹਿਲਾਂ ਕੋਲਿਨ ਕਾਊਡਰੇ ਅਤੇ ਅਲੈਕ ਸਟੀਵਰਟ ਨੇ ਇਹ ਉਪਲਭਦੀ ਹਾਸਲ ਕੀਤੀ ਸੀ। ਉਨ੍ਹਾਂ ਤੋਂ ਇਲਾਵਾ ਜਾਵੇਦ ਮਿਆਂਦਾਦ, ਗੋਰਰਡਨ ਗ੍ਰੀਨੀਜ਼, ਇੰਜ਼ਮਾਮ ਉਲ ਹਕ, ਰਿਕੀ ਪੋਂਟਿੰਗ, ਗ੍ਰੀਮ ਸਮਿਥ ਅਤੇ ਹਾਸ਼ਿਮ ਅਮਲਾ ਇਸ ਸੂਚੀ ਵਿਚ ਸ਼ਾਮਲ ਹਨ। ਇੰਗਲੈਂਡ ਦੇ ਕਪਤਾਨ ਨੇ ਹੁਣ ਤਕ 197 ਗੇਂਦਾਂ ਦਾ ਸਾਹਮਣਾ ਕਰ ਕੇ 14 ਚੌਕਿਆਂ ਅਤੇ ਅਸ਼ਵਿਨ ਦੀ ਗੇਂਦ ’ਤੇ ਇਕ ਛੱਕਾ ਲਗਾਇਆ ਹੈ। ਭਾਰਤ ਵਿਚ ਅਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਜਸਪ੍ਰੀਤ ਬੁਮਰਾਹ ਹਾਲੇ ਤਕ ਸੱਭ ਤੋਂ ਸਫ਼ਲ ਗੇਂਦਬਾਜ਼ ਰਹੇ ਹਨ। (ਪੀਟੀਆਈ)
image