ਮੁੜ ਚੁਣੇ ਸਾਂਸਦਾਂ ਵਿਚ ਹਰਸਿਮਰਤ ਕੌਰ ਬਾਦਲ ਦੀ ਜਾਇਦਾਦ ’ਚ 10 ਸਾਲਾਂ ਦੌਰਾਨ ਸੱਭ ਤੋਂ ਵੱਧ ਵਾਧਾ

ਏਜੰਸੀ

ਖ਼ਬਰਾਂ, ਪੰਜਾਬ

ਐਸੋਸੀਏਸ਼ਨ ਫ਼ਾਰ ਡੈਮੋਕਰੇਟਿਕ ਰਾਈਟਸ ਤੇ ਇਲੈਕਸ਼ਨ ਵਾਚ ਦੀ ਤਾਜ਼ਾ ਰਿਪੋਰਟ ਵਿਚ ਅੰਕੜੇ ਆਏ ਸਾਹਮਣੇ

Harsimrat Kaur Badal

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : 2019 ਵਿਚ ਮੁੜ ਜਿੱਤ ਕੇ ਲੋਕ ਸਭਾ ਵਿਚ ਪਹੁੰਚੇ ਵੱਖ ਵੱਖ ਪਾਰਟੀਆਂ ਦੇ ਮੈਂਬਰਾਂ ਦੀ 10 ਸਾਲਾਂ ਦੇ ਸਮੇਂ ਦੌਰਾਨ 2009 ਤੋਂ 2019 ਤਕ ਦੀ ਜਾਇਦਾਦ ਬਾਰੇ ਜਾਰੀ ਇਕ ਅਧਿਐਨ ਰੀਪੋਰਟ ਵਿਚ ਅਹਿਮ ਤੱਥ ਸਾਹਮਣੇ ਆਏ ਹਨ। ਜ਼ਿਕਰਯੋਗ ਗੱਲ ਹੈ ਕਿ ਪੰਜਾਬ ਦੇ ਬਠਿੰਡਾ ਹਲਕੇ ਤੋਂ ਜਿੱਤੀ ਅਕਾਲੀ ਸਾਂਸਦ ਹਰਸਿਮਰਤ ਕੌਰ ਬਾਦਲ ਦਾ ਨਾਮ ਆਮਦਨ ਵਿਚ ਵਾਧੇ ਵਾਲੇ ਪਹਿਲੇ 10 ਮੈਂਬਰਾਂ ਵਿਚ ਹੀ ਨਹੀਂ ਬਲਕਿ 10 ਮੈਂਬਰਾਂ ਵਿਚੋਂ ਵੀ ਸੱਭ ਤੋਂ ਉਪਰ ਹੈ।

ਐਸੋਸੀਏਸ਼ਨ ਫ਼ਾਰ ਡੈਮੋਕਰੇਟਿਕ ਰਾਈਟਸ ਅਤੇ ਇਲੈਕਸ਼ਨ ਵਾਚ ਵਲੋਂ ਸਾਂਸਦਾਂ ਦੇ ਦੋਵੇਂ ਚੋਣਾਂ ਸਮੇਂ ਦਿਤੇ ਆਮਦਨ ਸਬੰਧੀ ਹਲਫ਼ਨਾਮਿਆਂ ਦੇ ਕੀਤੇ ਵਿਸ਼ਲੇਸ਼ਣ ਬਾਅਦ ਜੋ ਅੰਕੜੇ ਸਾਹਮਣੇ ਆਏ ਹਨ, ਉਨ੍ਹਾਂ ਮੁਤਾਬਕ ਹਰਸਿਮਰਤ ਕੌਰ ਬਾਦਲ ਦੀ ਜਾਇਦਾਦ ਵਿਚ 10 ਸਾਲਾਂ ਦੇ ਸਮੇਂ ਦੌਰਾਨ 157 ਕਰੋੜ ਰੁਪਏ ਦਾ ਵਾਧਾ ਹੋਇਆ ਹੈ। 2009 ਵਿਚ ਹਰਸਿਮਰਤ ਦੀ ਜਾਇਦਾਦ 60.31 ਕਰੋੜ ਸੀ ਜੋ 10 ਸਾਲਾਂ ਦੇ ਸਮੇਂ ਦੌਰਾਨ ਵੱਧ ਕੇ 217.99 ਕਰੋੜ ਰੁਪਏ ਹੋ ਗਈ। ਇਸ ਤੋਂ ਬਾਅਦ ਦੂਜਾ ਨੰਬਰ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਸਾਂਸਦ ਸੁਪਰਿਆ ਸੁਲੇ ਦਾ ਹੈ। ਉਸ ਦੀ ਜਾਇਦਾਦ ਵਿਚ 89 ਕਰੋੜ ਰੁਪਏ ਦਾ ਵਾਧਾ ਹੋਇਆ ਹੈ। 

2009 ਵਿਚ ਉਸ ਦੀ ਜਾਇਦਾਦ 51 ਕਰੋੜ ਸੀ, ਜੋ 2019 ਵਿਚ 140.88 ਕਰੋੜ ਰੁਪਏ ਹੋ ਗਈ। ਇਸ ਤੋਂ ਬਾਅਦ ਤੀਜੇ ਨੰਬਰ ਉਪਰ ਬੀ.ਜੇ.ਡੀ ਦੀ ਪਿੰਕੀ ਮਿਸ਼ਰਾ ਦਾ ਨਾਂ ਆਇਆ ਹੈ। ਉਸ ਦੀ ਜਾਇਦਾਦ 10 ਸਾਲਾਂ ਵਿਚ 87.78 ਕਰੋੜ ਰੁਪਏ ਵਧੀ ਹੈ। 2009 ਵਿਚ ਇਹ 29.60 ਕਰੋੜ ਸੀ ਜੋ 2019 ਵਿਚ 117.47 ਕਰੋੜ ਹੋ ਗਈ।

71 ਸਾਂਸਦਾ ਦੇ ਕੀਤੇ ਵਿਸ਼ਲੇਸ਼ਣ ਮੁਤਾਬਕ ਇਨ੍ਹਾਂ ਦੀਆਂ ਜਾਇਦਾਦਾਂ ਵਿਚ ਔਸਤਨ 286 ਫ਼ੀ ਸਦੀ ਤਕ ਵਾਧਾ ਹੋਇਆ ਹੈ। ਔਸਤਨ 17.59 ਕਰੋੜ ਰੁਪਏ ਤਕ ਇਨ੍ਹਾਂ ਦੀ ਜਾਇਦਾਦ ਵਿਚ ਵਾਧਾ 10 ਸਾਲਾਂ ਦੌਰਾਨ ਹੋਇਆ ਹੈ। ਪਹਿਲੇ 10 ਸਾਂਸਦਾਂ ਵਿਚ ਭਾਜਪਾ ਮੈਂਬਰ ਮੇਨਕਾ ਗਾਂਧੀ ਅਤੇ ਉਨ੍ਹਾਂ ਦੇ ਸਪੁੰਤਰ ਵਰੁਨ ਗਾਂਧੀ ਦਾ ਨਾਂ ਵੀ ਸ਼ਾਮਲ ਹੈ, ਜਿਨ੍ਹਾਂ ਦੀ ਜਾਇਦਾਦ ਵਿਚ ਕ੍ਰਮਵਾਰ 55 ਅਤੇ 38 ਕਰੋੜ ਦਾ ਵਾਧਾ ਹੋਇਆ ਹੈ।