ਫਰੀਦਕੋਟ ਜੇਲ੍ਹ ’ਚ ਬੰਦ ਸਿੱਧੂ ਮੂਸੇਵਾਲਾ ਦਾ ਕਾਤਲ ਮੋਨੂੰ ਡਾਗਰ ਚਲਾ ਰਿਹਾ ਸਮਾਰਟ ਫੋਨ, ਮਾਮਲਾ ਦਰਜ
ਜੇਲ੍ਹ ਵਿੱਚੋਂ ਲੋਕਾਂ ਨੂੰ ਫੋਨ ਕਰਕੇ ਫਿਰੌਤੀ ਮੰਗਦਾ...
ਮੁਹਾਲੀ- ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁਲਜ਼ਮ ਸ਼ਾਰਪ ਸ਼ੂਟਰ ਮੋਨੂੰ ਡਾਗਰ ਕੋਲੋਂ ਫਰੀਦਕੋਟ ਜੇਲ੍ਹ ਤੋਂ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ। ਉਹ ਜੇਲ੍ਹ ਵਿੱਚੋਂ ਲੋਕਾਂ ਨੂੰ ਫੋਨ ਕਰਕੇ ਫਿਰੌਤੀ ਮੰਗਦਾ ਸੀ। ਕੁਝ ਦਿਨ ਪਹਿਲਾਂ ਉਸ ਨੇ ਹਰਿਆਣਾ ਦੇ ਰੋਹਤਕ ਦੇ ਟਰਾਂਸਪੋਰਟਰ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਨਾ ਦੇਣ 'ਤੇ ਫਾਇਰਿੰਗ ਕੀਤੀ ਗਈ।
ਜਾਣਕਾਰੀ ਮੁਤਾਬਕ ਜੇਲ੍ਹ 'ਚ ਚੈਕਿੰਗ ਦੌਰਾਨ ਡਾਗਰ ਸਮੇਤ 14 ਕੈਦੀਆਂ ਕੋਲੋਂ ਮੋਬਾਇਲ ਬਰਾਮਦ ਹੋਏ ਹਨ। ਜਿਨ੍ਹਾਂ ਕੋਲੋਂ ਮੋਬਾਈਲ ਬਰਾਮਦ ਕੀਤੇ ਗਏ ਹਨ, ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੂਸੇਵਾਲਾ ਕਤਲ ਮਾਮਲੇ 'ਚ ਫੜੇ ਗਏ ਗੈਂਗਸਟਰ ਨੂੰ ਮੋਬਾਇਲ ਪਹੁੰਚਾਉਣ 'ਚ ਕਿਹੜੇ ਅਧਿਕਾਰੀਆਂ ਜਾਂ ਕਰਮਚਾਰੀਆਂ ਦਾ ਹੱਥ ਹੈ, ਇਹ ਵੀ ਜਾਂਚ ਦਾ ਵਿਸ਼ਾ ਬਣ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਠਿੰਡਾ, ਪਟਿਆਲਾ, ਨਾਭਾ ਆਦਿ ਜੇਲ੍ਹਾਂ ਵਿੱਚ ਮੋਬਾਈਲ ਮਿਲਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਦੱਸ ਦੇਈਏ ਕਿ ਹਰਿਆਣਾ ਦੇ ਰੋਹਤਕ 'ਚ ਲਾਰੈਂਸ ਗੈਂਗ ਦੇ ਕਾਰਕੁਨਾਂ ਨੇ ਇਕ ਟਰਾਂਸਪੋਰਟਰ 'ਤੇ ਗੋਲੀਬਾਰੀ ਕੀਤੀ ਸੀ। ਮੋਨੂੰ ਡਾਗਰ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ। ਬਦਮਾਸ਼ ਨੇ ਆਪਣੀ ਟਰਾਂਸਪੋਰਟ ਵਿੱਚ ਹਿੱਸਾ ਮੰਗਿਆ ਸੀ। ਦੋ ਦਿਨ ਪਹਿਲਾਂ ਪੁਲਿਸ ਨੇ ਮੋਨੂੰ ਡਾਗਰ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਸੋਨੀਪਤ ਦੇ ਪਿੰਡ ਰੇਵਾਲੀ ਦਾ ਰਹਿਣ ਵਾਲਾ ਗੈਂਗਸਟਰ ਮੋਨੂੰ ਡਾਗਰ ਲਾਰੈਂਸ ਗੈਂਗ ਨਾਲ ਜੁੜਿਆ ਹੋਇਆ ਹੈ। ਉਸ 'ਤੇ 1 ਦਸੰਬਰ 2021 ਨੂੰ ਮੋਗਾ ਦੇ ਡਿਪਟੀ ਮੇਅਰ 'ਤੇ ਗੋਲੀ ਚਲਾਉਣ ਦਾ ਵੀ ਦੋਸ਼ ਹੈ। ਜਿਸ 'ਤੇ ਮੋਗਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਦੋਂ ਮੋਗਾ ਦੇ ਐਸਪੀ ਸੁਰਿੰਦਰਜੀਤ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਲਾਰੈਂਸ ਗੈਂਗ ਦਾ ਸ਼ਾਰਪ ਸ਼ੂਟਰ ਮੋਨੂੰ ਕੈਨੇਡਾ ਰਹਿੰਦੇ ਗੋਲਡੀ ਬਰਾੜ ਦੇ ਇਸ਼ਾਰੇ 'ਤੇ ਡਿਪਟੀ ਮੇਅਰ ਦੇ ਭਰਾ ਦਾ ਕਤਲ ਕਰਨ ਆਇਆ ਸੀ। ਨਾਲ ਹੀ ਉਸ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਵਿੱਚ ਰਾਣਾ ਕੰਦੋਵਾਲੀਆ ਦੇ ਕਤਲ ਦਾ ਵੀ ਮੁਲਜ਼ਮ ਹੈ।