Punjab News: ਖੰਨਾ 'ਚ ਆਸਟ੍ਰੇਲੀਆਈ NRI ਦੀ ਮੌਤ, ਸ਼ਰਾਬ ਦੇ ਨਸ਼ੇ ਵਿਚ ਨਾਲੀ ਵਿਚ ਡਿੱਗਿਆ 

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਸ਼ੱਕੀ ਹਾਲਾਤਾਂ 'ਚ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ 

File Photo

Punjab News:  ਖੰਨਾ - ਖੰਨਾ ਵਿਚ ਇੱਕ ਐਨਆਰਆਈ ਦੀ ਨਾਲੇ ਵਿਚ ਡਿੱਗਣ ਨਾਲ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਿਸੇ ਰਿਸ਼ਤੇਦਾਰ ਦੇ ਵਿਆਹ 'ਚ ਸ਼ਾਮਲ ਹੋਣ ਲਈ ਆਇਆ ਸੀ। ਇੱਕ ਦਿਨ ਪਹਿਲਾਂ ਜਾਗੋ ਸਮਾਗਮ ਵਿਚ ਉਸ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਅਤੇ ਨਸ਼ੇ ਵਿਚ ਨਾਲੇ ਵਿਚ ਡਿੱਗ ਗਿਆ। ਪੁਲਿਸ ਨੇ ਸ਼ੱਕੀ ਹਾਲਾਤਾਂ 'ਚ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

37 ਸਾਲਾ ਵਰਿੰਦਰ ਸਿੰਘ ਗਿੱਲ ਲੁਧਿਆਣਾ ਦੇ ਪਿੰਡ ਬੁਲਾਰਾ ਦਾ ਰਹਿਣ ਵਾਲਾ ਸੀ। ਉਹ ਆਪਣੀ ਪਤਨੀ ਅਤੇ 9 ਸਾਲ ਦੇ ਬੇਟੇ ਨਾਲ ਆਸਟ੍ਰੇਲੀਆ ਵਿਚ ਰਹਿੰਦਾ ਸੀ। ਉਹ ਕਰੀਬ ਸਾਢੇ 9 ਸਾਲਾਂ ਬਾਅਦ ਪਿੰਡ ਪਰਤਿਆ। ਐਤਵਾਰ ਰਾਤ ਨੂੰ ਉਹ ਆਪਣੇ ਦੋਸਤ ਨਾਲ ਮਲੌਦ ਪਿੰਡ ਕੁਲਾਹੜ ਵਿਚ ਕਿਸੇ ਰਿਸ਼ਤੇਦਾਰ ਦੇ ਵਿਆਹ ਵਿਚ ਗਿਆ ਸੀ। 

ਵਰਿੰਦਰ ਦੇ ਦੋਸਤਾਂ ਨੇ ਦੱਸਿਆ ਕਿ ਉਸ ਨੇ ਜਾਗੋ ਪਾਰਟੀ 'ਚ ਕਾਫ਼ੀ ਮਸਤੀ ਕੀਤੀ ਅਤੇ ਸ਼ਰਾਬ ਪੀਤੀ। ਪਾਰਟੀ ਤੋਂ ਬਾਅਦ ਉਹ ਕਰੀਬ 1.15 ਵਜੇ ਆਪਣੇ ਰਿਸ਼ਤੇਦਾਰ ਦੇ ਘਰੋਂ ਨਿਕਲਿਆ। ਰਾਤ ਕਰੀਬ 2 ਵਜੇ ਉਥੋਂ ਲੰਘ ਰਹੇ ਇਕ ਵਿਅਕਤੀ ਨੇ ਦੇਖਿਆ ਕਿ ਕੋਈ ਵਿਅਕਤੀ ਨਾਲੇ ਵਿਚ ਪਿਆ ਹੋਇਆ ਸੀ। ਉਸ ਨੇ ਵਿਆਹ ਵਾਲੇ ਘਰ ਜਾ ਕੇ ਸੂਚਨਾ ਦਿੱਤੀ। ਫਿਰ ਲੋਕਾਂ ਨੇ ਦੇਖਿਆ ਕਿ ਇਹ ਵਰਿੰਦਰ ਸੀ। ਹਸਪਤਾਲ 'ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 

ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵਰਿੰਦਰ ਦੇ ਦੋਸਤ ਗੁਰਪ੍ਰੀਤ ਸਿੰਘ ਗਿੱਲ ਦੇ ਬਿਆਨ ਦਰਜ ਕਰ ਲਏ ਹਨ। ਜਿਸ ਦੇ ਆਧਾਰ 'ਤੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।