Hoshiarpur News: ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ਦੇ ਰੂਹ ਕੰਬਾਊ ਖੁਲਾਸੇ, ''ਅੱਖਾਂ ਸਾਹਮਣੇ 2 ਨੌਜਵਾਨਾਂ ਦੀ ਹੋਈ ਮੌਤ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

''ਘੱਟ ਖਾ ਲਓ, ਪਰ ਪੰਜਾਬ ਰਹੋ''

Punjabis deported from America tanda hoshiarpur news in punjabi

 ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਪੰਜਾਬ ਦੇ ਕਈ ਨੌਜਵਾਨ ਬੀਤੀ ਰਾਤ ਪੰਜਾਬ ਪਹੁੰਚ ਗਏ। ਇਸ ਦੌਰਾਨ ਟਾਂਡਾ ਦੇ ਦੋ ਨੌਜਵਾਨ ਹਰਵਿੰਦਰ ਸਿੰਘ ਅਤੇ ਸੁਖਪਾਲ ਸਿੰਘ ਦੇਰ ਸ਼ਾਮ ਅੰਮ੍ਰਿਤਸਰ ਤੋਂ ਟਾਂਡਾ ਪਹੁੰਚੇ ਜਿੱਥੇ ਉਹ ਟਾਂਡਾ ਦੇ ਵਿਧਾਇਕ ਜਸਬੀਰ ਸਿੰਘ ਨੂੰ ਮਿਲੇ ਅਤੇ ਫਿਰ ਆਪਣੇ ਘਰਾਂ ਨੂੰ ਚਲੇ ਗਏ।

ਜਾਣਕਾਰੀ ਦਿੰਦੇ ਹੋਏ ਦੋਵਾਂ ਨੌਜਵਾਨਾਂ ਨੇ ਕਿਹਾ ਕਿ ਏਜੰਟਾਂ ਨੇ ਸਾਨੂੰ ਹਨੇਰੇ ਵਿੱਚ ਰੱਖਿਆ।  ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਏਜੰਟਾਂ ਦੀਆਂ ਗੱਲਾਂ ਵਿਚ ਨਾ ਆਓ। ਏਜੰਟ ਝੂਲ ਬੋਲ ਕੇ ਬਾਹਰ ਭੇਜਦੇ ਹਨ। ਉਧਰ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ।  ਸੁਖਪਾਲ ਨੇ ਲੋਕਾਂ ਨੂੰ ਹੱਥ ਜੋੜ ਅਪੀਲ ਕਰਦਿਆਂ ਕਿਹਾ ਕਿ ਝੂਠੇ ਏਜੰਟਾਂ ਦੀਆਂ ਗੱਲਾਂ ਵਿਚ ਨਾ ਆਓ ਪੰਜਾਬ ਰਹੋ, ਭਾਵੇਂ ਘੱਟ ਖਾ ਲਓ।

 ਸੁਖਪਾਲ ਨੇ ਹੱਡਬੀਤੀ ਸੁਣਾਉਂਦੇ ਹੋਏ ਕਿਹਾ ਕਿ ਰਸਤੇ ਵਿਚ ਡੌਕਰ ਸਾਰਾ ਕੁਝ ਖੋਹ ਲੈਂਦੇ ਹਨ। ਉਧਰ ਕਿਸੇ ਦੀ ਕੋਈ ਸੇਫ਼ਟੀ ਨਹੀਂ, ਕੁੱਟਮਾਰ ਕਰਦੇ ਹਨ, ਨਾ ਹੀ ਕੁਝ ਖਾਣ ਨੂੰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਅਮਰੀਕਾ ਦੀ ਸਿੱਧੀ ਫ਼ਲਾਈਟ ਦੱਸ ਕੇ ਅੱਗੇ ਪੈਦਲ ਲੈ ਕੇ ਗਏ।

ਸੁਖਪਾਲ ਨੇ ਖੁਲਾਸੇ ਕਰਦੇ ਹੋਏ ਕਿਹਾ ਕਿ ਡੌਂਕੀ ਵੇਲੇ ਮੇਰੀਆਂ ਅੱਖਾਂ ਸਾਹਮਣੇ ਕਈਆਂ ਦੀ ਮੌਤ ਹੋਈ। ਜੇ ਕਿਸੇ ਦੇ ਸੱਟ ਲੱਗ ਜਾਂਦੀ ਤਾਂ ਉਸ ਨੂੰ ਉਥੇ ਹੀ ਮਰਨ ਵਾਸਤੇ ਛੱਡ ਦਿੰਦੇ ਹਨ। ਸੁਖਪਾਲ ਨੇ ਕਿਹਾ ਕਿ ਹੁਣ ਤਾਂ ਅਸੀਂ 104 ਬੰਦੇ ਡਿਪੋਰਟ ਹੋ ਕੇ ਆਏ ਹਾਂ। ਉਥੇ ਹਜ਼ਾਰਾਂ ਪੰਜਾਬੀ ਮੁੰਡੇ, ਬੱਚੇ, ਪ੍ਰਵਾਰ ਨੇ ਉਹ ਸਾਰੇ ਡਿਪੋਰਟ ਹੀ ਨੇ, ਹੌਲੀ-ਹੌਲੀ ਸਾਰੇ ਹੀ ਆ ਰਹੇ ਹਨ। 

ਦੂਜੇ ਪਾਸੇ ਹਰਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਦੀ ਸਿੱਧੀ ਫ਼ਲਾਈਟ ਦੱਸ ਕੇ ਏਜੰਟ ਨੇ ਧੋਖਾ ਕੀਤਾ। ਸਾਨੂੰ ਰਸਤੇ ਵਿਚ ਪੈਦਲ ਲਿਜਾਇਆ ਗਿਆ। ਹਰਵਿੰਦਰ ਸਿੰਘ ਨੇ ਦੱਸਿਆ ਕਿ 42 ਲੱਖ ਲਗਾ ਕੇ ਅਮਰੀਕਾ ਗਿਆ ਸੀ। ਹਰਵਿੰਦਰ ਸਿੰਘ ਨੇ ਦੱਸਿਆ ਕਿ ਏਜੰਟ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰਨ ਜੇ ਭੇਜਣਾ ਤਾਂ ਇਕ ਨੰਬਰ ਵਿਚ ਬਾਹਰ ਭੇਜਣ। 2 ਨੰਬਰ ਵਿਚ ਕਿਸੇ ਨੂੰ ਵੀ ਬਾਹਰ ਨਾ ਭੇਜਣ। 

ਹਰਵਿੰਦਰ ਸਿੰਘ ਨੇ ਕਿਹਾ ਕਿ ਡੌਕੀ ਵੇਲੇ ਮੇਰੀਆਂ ਅੱਖਾਂ ਸਾਹਮਣੇ 2 ਮੁੰਡੇ ਮਰੇ ਗਏ। ਇਕ ਮੁੰਡਾ ਸਮੁੰਦਰ ਵਿਚ ਡੁੱਬ ਗਿਆ ਜਦਕਿ ਦੂਜਾ ਮੁੰਡਾ ਜੰਗਲ ਵਿਚ ਮਰ ਗਿਆ। ਸਮੁੰਦਰ ਦੀ ਡੌਕੀ ਲਗਾਉਂਦੇ ਸਮੇਂ ਸਾਡੀ ਕਿਸ਼ਤੀ ਵੀ ਡੁੱਬਦੀ-ਡੁੱਬਦੀ ਮਸਾਂ ਬਚੀ। ਹਰਵਿੰਦਰ ਸਿੰਘ ਨੇ ਦੱਸਿਆ ਕਿ ਡੌਕਰ ਕਦੇ ਕਦਾਈ ਚੌਲ ਦਿੰਦੇ ਸੀ ਨਹੀਂ ਅਸੀਂ 4-4 ਦਿਨ ਭੁੱਖੇ ਰਹਿੰਦੇ ਸੀ। ਭਾਵੁਕ ਹੁੰਦਿਆਂ ਹਰਵਿੰਦਰ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਸਾਡੀ ਸਰਕਾਰ ਮਦਦ ਕਰੇ।