ਗਮਾਡਾ ਨੇ ਪੰਚਮ ਸੁਸਾਇਟੀ ਵਿਚ ਫ਼ਲੈਟਾਂ ਦੀ ਟਰਾਂਸਫ਼ਰ, ਸੇਲ ਡੀਡ ਤੇ ਹੋਰ ਸੇਵਾਵਾਂ ਦੀ ਦਿਤੀ ਇਜ਼ਾਜਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਲਾਭ ਸਿਰਫ ਉਨ੍ਹਾਂ ਫਲੈਟ ਮਾਲਕਾਂ ਨੂੰ ਮਿਲੇਗਾ ਜਿਨ੍ਹਾਂ ਦਾ ਗਮਾਡਾ ਵੱਲ ਕੋਈ ਬਕਾਇਆ ਨਹੀਂ ਹੈ।

GMADA allows transfer of flats, sale deed and other services in Pancham Society

ਐਸ.ਏ.ਐਸ. ਨਗਰ: ਪੰਚਮ ਸੋਸਾਇਟੀ, ਸੈਕਟਰ 68 ਦੇ ਫਲੈਟ ਮਾਲਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ ਨੇ ਹਾਲ ਹੀ ਵਿੱਚ ਲਏ ਇੱਕ ਫੈਸਲੇ ਅਨੁਸਾਰ ਮਾਲਕੀ ਦੀ ਤਬਦੀਲੀ, ਪ੍ਰਾਪਰਟੀ ਮੋਰਟਗੇਜ, ਸੇਲ ਡੀਡ ਅਤੇ ਹੋਰ ਸਬੰਧਤ ਮਾਮਲਿਆਂ ਤੇ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਹ ਲਾਭ ਸਿਰਫ ਉਨ੍ਹਾਂ ਫਲੈਟ ਮਾਲਕਾਂ ਨੂੰ ਮਿਲੇਗਾ ਜਿਨ੍ਹਾਂ ਦਾ ਗਮਾਡਾ ਵੱਲ ਕੋਈ ਬਕਾਇਆ ਨਹੀਂ ਹੈ। ਪੰਚਮ ਸੋਸਾਇਟੀ ਦੇ ਫਲੈਟ ਮਾਲਕ ਲੰਬੇ ਸਮੇਂ ਤੋਂ ਸੇਲ ਡੀਡ, ਮੋਰਟਗੇਜ ਅਤੇ ਖਾਸ ਕਰਕੇ ਫਲੈਟਾਂ ਦੀ ਟਰਾਂਸਫਰ ਦੇ ਮਾਮਲਿਆਂ ਦੀ ਇਜ਼ਾਜਤ ਦੇਣ ਦੀ ਮੰਗ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਫਲੈਟਾਂ ਦੀ ਰਜਿਸਟਰੀ, ਮਾਲਕੀ ਟਰਾਂਸਫਰ, ਬੈਂਕਾਂ ਤੋਂ ਕਰਜ਼ੇ ਪ੍ਰਾਪਤ ਕਰਨ ਆਦਿ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਅਥਾਰਿਟੀ ਵੱਲੋਂ ਰਜਿਸਟਰੇਸ਼ਨ, ਮਾਲਕੀ ਦੀ ਤਬਦੀਲੀ ਆਦਿ ਦੀ ਇਜ਼ਾਜਤ ਦੇਣ ਦਾ ਫੈਸਲਾ ਉਨ੍ਹਾਂ ਫਲੈਟ ਮਾਲਕਾਂ ਲਈ ਬਹੁਤ ਰਾਹਤ ਵਾਲਾ ਹੈ ਜਿਨ੍ਹਾਂ ਦਾ ਵਿਕਾਸ ਅਥਾਰਿਟੀ ਵੱਲ ਕੋਈ ਬਕਾਇਆ ਨਹੀਂ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੀ ਲੰਬੇ ਸਮੇਂ ਦੀ ਉਡੀਕ ਖਤਮ ਹੋ ਗਈ ਹੈ। ਜਿਕਰਯੋਗ ਹੈ ਕਿ ਗਮਾਡਾ ਨੇ ਸੈਕਟਰ 68 ਵਿੱਚ ਪੰਚਮ ਕੋਆਪਰੇਟਿਵ ਹਾਊਸ ਬਿਲਡਿੰਗ ਸੋਸਾਇਟੀ ਨੂੰ ਲਗਭੱਗ 42600 ਵਰਗ ਗਜ਼ ਜ਼ਮੀਨ ਅਲਾਟ ਕੀਤੀ ਸੀ। ਸੋਸਾਇਟੀ ਵੱਲੋਂ ਜ਼ਮੀਨ ਦੀ ਕੀਮਤ ਦੀਆਂ ਕਿਸ਼ਤਾਂ ਜਮ੍ਹਾ ਨਾ ਕਰਵਾਉਣ ਕਾਰਨ ਅਲਾਟਮੈਂਟ ਕੈਸਲ ਕਰ ਦਿੱਤੀ ਗਈ ਸੀ।