ਕਿਸਾਨਾਂ ਦੇ ਪਿੱਛੇ ਹੱਥ ਧੋ ਕੇ ਪਈ ਦਿੱਲੀ ਪੁਲਿਸ, ਮਿ੍ਤਕ ਨੂੰ ਵੀ ਭੇਜਿਆ ਨੋਟਿਸ
ਕਿਸਾਨਾਂ ਦੇ ਪਿੱਛੇ ਹੱਥ ਧੋ ਕੇ ਪਈ ਦਿੱਲੀ ਪੁਲਿਸ, ਮਿ੍ਤਕ ਨੂੰ ਵੀ ਭੇਜਿਆ ਨੋਟਿਸ
26 ਜਨਵਰੀ ਦੀ ਘਟਨਾ ਸਬੰਧੀ ਇਕੋ ਪ੍ਰਵਾਰ ਦੇ ਤਿੰਨ ਮੈਂਬਰ ਤਲਬ
ਚੰਡੀਗੜ੍ਹ, 5 ਮਾਰਚ (ਸੁਰਜੀਤ ਸਿੰਘ ਸੱਤੀ): ਦਿੱਲੀ ਪੁਲਿਸ ਕਿਸਾਨਾਂ ਪਿਛੇ ਹੱਥ ਧੋ ਕੇ ਪਈ ਲਗਦੀ ਹੈ | ਲਾਲ ਕਿਲੇ੍ਹ 'ਤੇ 26 ਜਨਵਰੀ ਨੂੰ ਵਾਪਰੀ ਘਟਨਾ ਸਬੰਧੀ ਦਰਜ ਮਾਮਲੇ ਵਿਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਅੰਨ੍ਹੇਵਾਹ ਨੋਟਿਸ ਜਾਰੀ ਕਰ ਰਹੀ ਹੈ ਤੇ ਕਿਸਾਨਾਂ, ਖਾਸਕਰ ਪੰਜਾਬ ਦੇ ਲੋਕਾਂ ਨੂੰ ਤਲਬ ਕਰ ਰਹੀ ਹੈ | ਇਸ ਦੌਰਾਨ ਇਹ ਵੀ ਵੇਖਿਆ ਨਹੀਂ ਜਾ ਰਿਹਾ ਕਿ ਘਟਨਾ ਵੇਲੇ ਕੋਈ ਮੌਜੂਦ ਸੀ ਵੀ ਜਾਂ ਨਹੀਂ | ਅਜਿਹਾ ਹੀ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ | ਆਈਜੀਆਈਐਸ ਕ੍ਰਾਈਮ ਬਰਾਂਚ ਦਿੱਲੀ ਵਲੋਂ ਜਗੀਰ ਸਿੰਘ ਨਾਂ ਦੇ ਇਕ ਅਜਿਹੇ ਵਿਅਕਤੀ ਨੂੰ ਵੀ ਤਲਬ ਕਰ ਲਿਆ ਹੈ, ਜਿਸ ਦੀ 26 ਜਨਵਰੀ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ | ਜਗੀਰ ਸਿੰਘ ਨੂੰ ਤਲਬ ਕੀਤੇ ਜਾਣ ਦਾ ਨੋਟਿਸ ਪ੍ਰਾਪਤ ਹੋਣ 'ਤੇ ਉਸ ਦੇ ਪ੍ਰਵਾਰਕ ਮੈਂਬਰ ਵੀ ਹੈਰਾਨ
ਹਨ ਤੇ ਹੁਣ ਉਨ੍ਹਾਂ ਅਪਣੇ ਵਕੀਲ ਰਵਿੰਦਰ ਸਿੰਘ ਜੌਲੀ ਨਾਲ ਸੰਪਰਕ ਕੀਤਾ ਹੈ ਕਿ ਅੱਗੇ ਕੀ ਕੀਤਾ ਜਾਵੇ |
ਇਹੋ ਨਹੀਂ ਜਗੀਰ ਸਿੰਘ ਸਮੇਤ ਇਸ ਪ੍ਰਵਾਰ ਦੇ ਤਿੰਨ ਮੈਂਬਰਾਂ ਨੂੰ ਤਲਬ ਕੀਤਾ ਗਿਆ ਹੈ, ਦੋ ਹੋਰਨਾਂ ਵਿਚ ਸੁਰਜੀਤ ਸਿੰਘ ਤੇ ਗੁਰਚਰਣ ਸਿੰਘ ਵੀ ਸ਼ਾਮਲ ਹਨ | ਇਹ ਪ੍ਰਵਾਰ ਕੁਰਾਲੀ ਦੇ ਪਿੰਡ ਨਿਉਲਕਾ ਦਾ ਵਸਨੀਕ ਹੈ | ਉਨ੍ਹਾਂ ਨੂੰ 23 ਫ਼ਰਵਰੀ ਨੂੰ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ 26 ਜਨਵਰੀ ਦੀ ਘਟਨਾ ਦੇ ਸਬੰਧ ਵਿਚ ਬਾਬਾ ਹਰੀਦਾਸ ਨਗਰ ਦਿੱਲੀ ਥਾਣੇ ਵਿਚ ਦਰਜ ਮਾਮਲੇ ਵਿਚ ਪੁਛਗਿਛ ਦੀ ਲੋੜ ਹੈ, ਲਿਹਾਜਾ ਉਹ ਤਿੰਨੇ 3 ਮਾਰਚ ਨੂੰ ਕ੍ਰਾਈਮ ਬਰਾਂਚ ਦਵਾਰਕਾ ਵਿਖੇ ਪੇਸ਼ ਹੋਣ | 'ਰੋਜ਼ਾਨਾ ਸਪੋਕਸਮੈਨ' ਕੋਲ ਜਗੀਰ ਸਿੰਘ ਦੀ ਮੌਤ ਦਾ ਸਰਟੀਫ਼ੀਕੇਟ ਮੌਜੂਦ ਹੈ |
ਸਰਟੀਫ਼ੀਕੇਟ ਮੁਤਾਬਕ ਪੀਐਚਸੀ ਬੂਥਗੜ੍ਹ (ਖਰੜ) ਦੇ ਰੀਕਾਰਡ ਵਿਚ ਜਗੀਰ ਸਿੰਘ ਦੀ ਮੌਤ 31 ਦਸੰਬਰ 2020 ਨੂੰ ਹੀ ਹੋ ਚੁੱਕੀ ਸੀ ਪਰ ਦਿੱਲੀ ਪੁਲਿਸ ਨੇ ਮਿ੍ਤਕ ਜਗੀਰ ਸਿੰਘ ਨੂੰ ਵੀ ਪੇਸ਼ ਹੋਣ ਦਾ ਨੋਟਿਸ ਜਾਰੀ ਕਰ ਦਿਤਾ | ਇਸ ਤੋਂ ਸਿੱਧੇ ਤੌਰ 'ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 26 ਜਨਵਰੀ ਦੀ ਘਟਨਾ ਨੂੰ ਲੈ ਕੇ ਦਿੱਲੀ ਪੁਲਿਸ ਕਿਸ ਤਰ੍ਹਾਂ ਨਾਲ ਕਾਰਵਾਈ ਕਰੀ ਜਾ ਰਹੀ ਹੈ | ਐਡਵੋਕੇਟ ਜੌਲੀ ਮੁਤਾਬਕ ਦਿੱਲੀ ਪੁਲਿਸ ਵਲੋਂ ਜਾਰੀ ਨੋਟਿਸ ਸਬੰਧੀ ਅਗਲੇਰੀ ਕਾਰਵਾਈ ਬਾਰੇ ਕਾਨੂੰਨੀ ਤੱਥਾਂ ਦੀ ਘੋਖ ਕੀਤੀ ਜਾ ਰਹੀ ਹੈ |
ਨੋਟ-ਇਸ ਖਬਰ 'ਚ ਲਗਾਉਣ ਦੋ ਫੋਟੋਆਂ
-ਸੱਤੀ ਨਿਊਜ ਫੋਟੋ-1 ਅਤੇ ਸੱਤੀ ਨਿਊਜ਼ ਫੋਟੋ-2