ਪਿੰਡ ਲੱਖੂਵਾਲ ’ਚ ਹੋ ਰਹੀ ਸੀ ਅਫ਼ੀਮ ਦੀ ਖੇਤੀ, ਪੁਲਿਸ ਨੇ ਛਾਪਾ ਮਾਰ 11 ਮੁਲਜ਼ਮ ਕੀਤੇ ਕਾਬੂ
ਪੁਲਿਸ ਨੇ ਅਫ਼ੀਮ ਦੇ 22 ਕਿਲੋ ਪੌਦੇ ਕੀਤੇ ਬਰਾਮਦ
ਅਜਨਾਲਾ(ਰਾਜੇਸ਼ ਕੁਮਾਰ ਸੰਧੂ) : ਥਾਣਾ ਅਜਨਾਲਾ ਦੀ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਨੇੜਲੇ ਪਿੰਡ ਲੱਖੂਵਾਲ ਵਿਚ ਅਫ਼ੀਮ ਦੀ ਖੇਤੀ ਦੇ ਨਾਲ ਨਾਲ ਦੇਸੀ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀਐ। ਪੁਲਿਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਅਫ਼ੀਮ ਦੇ 22 ਕਿਲੋ ਪੌਦੇ, 4 ਲੱਖ 61 ਹਜ਼ਾਰ 250 ਮਿਲੀਲੀਟਰ ਨਾਜਾਇਜ਼ ਦੇਸੀ ਸ਼ਰਾਬ, 58200 ਕਿਲੋ ਲਾਹਣ, 9 ਭੱਠੀਆਂ, 41 ਡਰੰਮ, 6 ਗੈਸ ਸਿਲੰਡਰ ਸਮੇਤ 11 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ। ਇਨ੍ਹਾਂ ਮੁਲਜ਼ਮਾਂ ਵਿਚੋਂ ਇਕ ਨੇ ਅਪਣੇ ਪਸ਼ੂਆਂ ਦੇ ਬਾੜੇ ਵਿਚ ਅਫ਼ੀਮ ਦੀ ਖੇਤੀ ਕੀਤੀ ਹੋਈ ਸੀ। ਪੁਲਿਸ ਟੀਮ ਨੇ ਅਫ਼ੀਮ ਦੇ ਪੌਦਿਆਂ ਨੂੰ ਪੁੱਟ ਕੇ ਅਪਣੇ ਕਬਜ਼ੇ ਵਿਚ ਲੈ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕੀਤੀ ਸੀ, ਜਿਸ ਦੌਰਾਨ ਵੱਡੀ ਮਾਤਰਾ ਵਿਚ ਅਫ਼ੀਮ ਦੇ ਪੌਦੇ ਅਤੇ ਨਾਜਾਇਜ਼ ਦੇਸੀ ਸ਼ਰਾਬ ਸਮੇਤ ਹੋਰ ਸਮਾਨ ਬਰਾਮਦ ਕੀਤਾ ਗਿਆ। ਫਿਲਹਾਲ ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਐ ਤਾਂ ਜੋ ਉਨ੍ਹਾਂ ਦੇ ਇਸ ਕਾਲੇ ਧੰਦੇ ਸਬੰਧੀ ਹੋਰ ਜਾਣਕਾਰੀ ਮਿਲ ਸਕੇ।