ਸਪੀਕਰ ਨੇ ਮਜੀਠੀਆ ਤੇ ਢਿਲੋਂ ਸਣੇ ਸਾਰੇ ਅਕਾਲੀ ਵਿਧਾਇਕ ਸੈਸ਼ਨ 'ਚੋਂ ਮੁਅੱਤਲ ਕੀਤੇ

ਏਜੰਸੀ

ਖ਼ਬਰਾਂ, ਪੰਜਾਬ

ਸਪੀਕਰ ਨੇ ਮਜੀਠੀਆ ਤੇ ਢਿਲੋਂ ਸਣੇ ਸਾਰੇ ਅਕਾਲੀ ਵਿਧਾਇਕ ਸੈਸ਼ਨ 'ਚੋਂ ਮੁਅੱਤਲ ਕੀਤੇ

image

ਮਾਰਸ਼ਲਾਂ ਨੇ ਵਿਰੋਧ ਕਰ ਰਹੇ ਅਕਾਲੀ ਮੈਂਬਰਾਂ ਨੂੰ ਜਬਰੀ ਚੁੱਕ ਕੇ ਸਦਨ 'ਚੋਂ ਬਾਹਰ ਕੀਤਾ


ਚੰਡੀਗੜ੍ਹ, 5 ਮਾਰਚ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਅੱਜ ਪੰਜਵੇਂ ਦਿਨ ਰਾਜਪਾਲ ਦੇ ਭਾਸ਼ਣ 'ਤੇ ਹੋਈ ਬਹਿਸ ਦੇ ਜੁਆਬ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੋਲਣ ਸਮੇਂ ਸ਼ੋ੍ਰਮਣੀ ਅਕਾਲੀ ਦਲ ਤੇ 'ਆਪ' ਦੇ ਮੈਂਬਰਾਂ ਵਲੋਂ ਭਾਰੀ ਹੰਗਾਮਾ ਕੀਤਾ ਗਿਆ | ਇਸ ਦੇ ਚਲਦੇ ਸਪੀਕਰ ਨੂੰ ਸਦਨ ਦੀ ਕਾਰਵਾਈ ਦੋ ਵਾਰ ਵਿਚਾਲਿਉਂ ਮੁਲਤਵੀ ਕਰਨੀ ਪਈ | 'ਆਪ' ਦੇ ਮੈਂਬਰਾਂ ਨੂੰ ਤਾਂ ਸਪੀਕਰ ਨੇ ਸਮਝਾ ਕੇ ਮੁੜ ਕਾਰਵਾਈ ਸ਼ੁਰੂ ਕਰਨ ਲਈ ਸੀਟਾਂ 'ਤੇ ਬਿਠਾ ਲਿਆ ਪਰ ਸ਼ੋ੍ਰਮਣੀ ਅਕਾਲੀ ਦੇ ਮੈਂਬਰਾਂ ਵਲੋਂ ਦੂਜੀ ਵਾਰ ਵੀ ਹੰਗਾਮਾ ਤੇ ਸਦਨ 'ਚ ਨਾਅਰੇਬਾਜ਼ੀ ਜਾਰੀ ਰੱਖੇ ਜਾਣ ਕਾਰਨ ਮੁੱਖ ਮੰਤਰੀ ਲਈ ਬਹਿਸ ਦਾ ਜੁਆਬ ਦੇਣਾ ਔਖਾ ਹੋ ਗਿਆ | ਸਪੀਕਰ ਨੇ ਅਕਾਲੀ ਮੈਂਬਰਾਂ ਨੂੰ ਮੁੱਖ ਮੰਤਰੀ ਦੇ ਬੋਲਣ ਸਮੇਂ ਹੰਗਾਮਾ ਨਾ ਕਰਨ ਤੇ ਸ਼ਾਂਤਮਈ ਤਰੀਕੇ ਨਾਲ ਸਵਾਲ ਪੁੱਛਣ ਦੀ ਅਪੀਲ ਬੇਅਸਰ ਹੋਣ ਤੇ ਉਨ੍ਹਾਂ ਸਖ਼ਤੀ ਕੀਤੀ | ਚਾਰ ਵਾਰ ਚੇਤਾਵਨੀ ਦਿਤੇ ਜਾਣ ਦੇ ਬਾਵਜੂਦ ਅਕਾਲੀ ਸ਼ੋਰ-ਸ਼ਰਾਬਾ ਕਰਦੇ ਰਹੇ ਤੇ ਆਖਰ ਸਪੀਕਰ ਨੇ ਕਿਹਾ ਕਿ ਇਹ ਨਾ ਸਮਝੋ ਕਿ ਤੁਸੀ ਰੌਲਾ ਪਾ ਕੇ ਸਦਨ ਦੀ ਕਾਰਵਾਈ ਨਹੀਂ ਚੱਲਣ ਦਿਉਗੇ ਪਰ ਮੇਰਾ ਧਰਮ ਵੀ ਕਾਰਵਾਈ ਨੂੰ ਚਲਾਉਣਾ ਹੈ | 
ਆਖਰ ਸਪੀਕਰ ਨੇ ਐਕਸ਼ਨ ਵਿਚ ਆਉਂਦਿਆਂ ਅਕਾਲੀ ਮੈਂਬਰਾਂ ਦੀ ਅਗਵਾਈ ਕਰ ਰਹੇ ਬਿਕਰਮ ਸਿੰਘ ਮਜੀਠੀਆ ਅਤੇ ਸ਼ਰਨਜੀਤ ਸਿੰਘ ਢਿਲੋਂ ਸਮੇਤ ਸਦਨ 'ਚ ਮੌਜੂਦ ਬਾਕੀ ਸਾਰੇ ਅਕਾਲੀ ਮੈਂਬਰਾਂ ਨੂੰ ਸੈਸ਼ਨ 


ਦੇ ਬਾਕੀ ਰਹਿੰਦੇ ਸਮੇਂ ਲਈ ਸਦਨ 'ਚੋਂ ਮੁਅੱਤਲ ਕਰ ਦਿਤਾ | ਉਨ੍ਹਾਂ ਮਾਰਸ਼ਲਾਂ ਨੂੰ ਹੁਕਮ ਦਿਤੇ ਕਿ ਇਨ੍ਹਾਂ ਨੂੰ 10 ਮਾਰਚ ਤੱਕ ਵਿਧਾਨ ਸਭਾ 'ਚ ਦਾਖ਼ਲ ਨਾ ਹੋਣ ਦਿਤਾ ਜਾਵੇ | ਸਪੀਕਰ ਨੇ ਸਦਨ ਦੀ ਕਾਰਵਾਈ ਵੀ ਮੁੜ 15 ਮਿੰਟ ਲਈ ਮੁਲਤਵੀ ਕਰ ਦਿਤੀ ਪਰ ਅਕਾਲੀ ਮੈਂਬਰ ਸਦਨ ਦੇ ਵਿਚਕਾਰ ਹੀ ਧਰਨਾ ਲਾ ਕੇ ਬੈਠ ਗਏ ਪਰ ਮਾਰਸ਼ਲਾਂ ਨੇ ਉਨ੍ਹਾਂ ਨੂੰ ਜ਼ਬਰੀ ਚੁੱਕ ਕੇ ਵਿਧਾਨ ਸਭਾ ਤੋਂ ਬਾਹਰ ਕਰ ਦਿਤਾ | ਪਵਨ ਕੁਮਾਰ ਟੀਨੂੰ ਨੂੰ ਤਾਂ ਘੜੀਸ ਕੇ ਬਾਹਰ ਕੱਢਣ ਪਿਆ | ਮਜੀਠੀਆ ਤੇ ਢਿਲੋਂ ਤੋਂ ਇਲਾਵਾ ਮੁਅੱਤਲ ਕੀਤੇ ਹੋਰ ਅਕਾਲੀ ਮੈਂਬਰਾਂ 'ਚ ਐਨ.ਕੇ. ਸ਼ਰਮਾ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਇਯਾਲੀ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਰੋਜ਼ੀ ਬਰਕੰਦੀ, ਡਾ. ਸੁਖਵਿੰਦਰ ਸੁਖੀ ਤੇ ਬਲਦੇਵ ਖਹਿਰਾ ਸ਼ਾਮਲ ਹਨ | ਇਸੇ ਦੌਰਾਨ 'ਆਪ' ਨੇ ਵੀ ਸਦਨ 'ਚੋਂ ਵਾਕਆਊਟ ਕੀਤਾ |