ਟੈਕਸ ਕਮਾਉਣ ਲਈ ਆਮ ਜਨਤਾ ਨੂੰ ਮਹਿੰਗਾਈ ਦੀ ਦਲਦਲ ਵਿਚ ਧੱਕ ਰਹੀ ਹੈ ਕੇਂਦਰ ਸਰਕਾਰ : ਰਾਹੁਲ ਗਾਂਧੀ
ਟੈਕਸ ਕਮਾਉਣ ਲਈ ਆਮ ਜਨਤਾ ਨੂੰ ਮਹਿੰਗਾਈ ਦੀ ਦਲਦਲ ਵਿਚ ਧੱਕ ਰਹੀ ਹੈ ਕੇਂਦਰ ਸਰਕਾਰ : ਰਾਹੁਲ ਗਾਂਧੀ
ਮਹਿੰਗਾਈ ਵਿਰੁਧ ਰਾਹੁਲ ਨੇ ਸ਼ੁਰੂ ਕੀਤੀ ਸੋਸ਼ਲ ਮੀਡੀਆ ਮੁਹਿੰਮ.
ਨਵੀਂ ਦਿੱਲੀ, 5 ਮਾਰਚ : ਪਟਰੌਲ-ਡੀਜਲ, ਖਾਣਾ ਪਕਾਉਣ ਵਾਲੀ ਗੈਸ ਅਤੇ ਕੁੱਝ ਹੋਰ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਦੇ ਵਾਧੇ ਵਿਰੁਧ ਕਾਂਗਰਸ ਨੇ ਸ਼ੁਕਰਵਾਰ ਨੂੰ ਸੋਸ਼ਲ ਮੀਡੀਆ ਮੁਹਿੰਮ ਦੀ ਸ਼ੁਰੂਆਤ ਕੀਤੀ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਸਪੀਕਅਪ ਐਂਜੈਸਟ ਪ੍ਰਾਈਜ ਰਾਈਜ’ ਮੁਹਿੰਮ ਵਿਚ ਸ਼ਾਮਲ ਹੋ ਕੇ ਮਹਿੰਗਾਈ ਦੇ ਵਿਰੁਧ ਆਵਾਜ਼ ਬੁਲੰਦ ਕਰਨ।
ਉਨ੍ਹਾਂ ਟਵੀਟ ਕੀਤਾ, “ਮਹਿੰਗਾਈ ਸ਼ਰਾਪ ਹੈ। ਕੇਂਦਰ ਸਰਕਾਰ ਸਿਰਫ਼ ਟੈਕਸ ਕਮਾਉਣ ਲਈ ਲੋਕਾਂ ਨੂੰ ਮਹਿੰਗਾਈ ਦੇ ਦਲਦਲ ਵਿਚ ਧੱਕ ਰਹੀ ਹੈ। ਦੇਸ ਦੀ ਤਬਾਹੀ ਖਿਲਾਫ ਆਪਣੀ ਆਵਾਜ ਬੁਲੰਦ ਕਰੋ।”
ਕਾਂਗਰਸ ਦੇ ਸੰਸਦ ਮੈਂਬਰ ਸਸੀ ਥਰੂਰ ਨੇ ਦੋਸ਼ ਲਾਇਆ, “ਮੋਦੀ ਸਰਕਾਰ ਵਲੋਂ ਚੁੱਕੇ ਗਏ ਹਰ ਕਦਮ ਨੇ ਆਮ ਲੋਕਾਂ ਦੀਆਂ ਜੇਬਾਂ ਖ਼ਾਲੀ ਕਰ ਦਿਤੀਆਂ ਹਨ। ਦੇਸ਼ ਦੇ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਅਪਣੀ ਆਵਾਜ਼ ਬੁਲੰਦ ਕਰਨਗੇ।” ਕਈ ਹੋਰ ਕਾਂਗਰਸੀ ਆਗੂਆਂ ਨੇ ਵੀ ਇਸ ਮੁਹਿੰਮ ਤਹਿਤ ਸਰਕਾਰ ਨੂੰ ਨਿਸ਼ਾਨਾ ਬਣਾਇਆ। (ਪੀਟੀਆਈ)