ਜ਼ਿਲ੍ਹਾ ਜਲੰਧਰ ਵਿਚ ਨਸ਼ੇ ਦੀ ਓਵਰਡੋਜ਼ ਨੇ ਲਈ ਨੌਜਵਾਨ ਦੀ ਜਾਨ

ਏਜੰਸੀ

ਖ਼ਬਰਾਂ, ਪੰਜਾਬ

ਮੌਕੇ 'ਤੇ ਪਹੁੰਚੀ ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ

Young man

ਜਲੰਧਰ: ਪੰਜਾਬ ਸਰਕਾਰ ਵੱਲੋਂ ਨਸ਼ਿਆ 'ਤੇ ਕੱਸੀ ਲਗਾਮ ਦੇ ਚੱਲਦਿਆ  ਨਸ਼ਿਆਂ ਦਾ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਨੌਜਵਾਨ ਰੋਜ਼ਾਨਾ ਨਸ਼ਿਆਂ ਦੀ ਭੇਂਟ ਚੜ੍ਹ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਜਲੰਧਰ ਦੇ ਲੰਬਾ ਪਿੰਡ ਵਿਚੋਂ ਸਾਹਮਣੇ ਆਈ ਹੈ। ਲੰਬਾ ਪਿੰਡ ਦੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ।

ਨੌਜਵਾਨ ਦੀ ਮਾਂ ਸੀਤਾ ਨੇ ਦੱਸਿਆ ਕਿ ਉਸ ਦਾ ਲੜਕਾ ਸ਼ਾਮ ਨੂੰ ਆਪਣੇ ਕੰਮ ਤੋਂ ਵਾਪਸ ਆਇਆ ਸੀ ਅਤੇ ਘਰ ਦੇ ਵਰਾਂਡੇ ਵਿੱਚ ਡਿੱਗ ਗਿਆ ਅਤੇ ਤੁਰੰਤ ਉਸ ਨੂੰ  ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਗੁਆਂਢ ਵਿਚ ਰਹਿੰਦੇ ਲੜਕੇ 'ਤੇ ਦੋਸ਼ ਲਗਾਇਆ ਕਿ ਉਹ ਲੰਬੇ ਸਮੇਂ ਤੋਂ ਨਸ਼ੇ ਵੇਚ ਰਿਹਾ ਹੈ ਅਤੇ ਉਸ ਨੇ ਹੀ  ਉਹਨਾਂ ਦੇ ਲੜਕੇ ਨੂੰ ਨਸ਼ੇ ਦੀ ਆਦਤ ਪਾਈ। ਲੜਕੇ ਦੇ ਪਿਤਾ ਕਾਲਾ ਨੇ ਦੱਸਿਆ ਕਿ ਉਹ ਅਤੇ ਉਸਦਾ ਬੇਟਾ ਦੋਵੇਂ ਸ਼ਾਮ ਨੂੰ ਕੰਮ ਤੋਂ ਵਾਪਸ ਆਏ ਸਨ ਅਤੇ ਕੁਝ ਸਮੇਂ ਬਾਅਦ ਉਸਦਾ ਲੜਕਾ ਬਾਹਰ ਚਲਾ ਗਿਆ ਸੀ।

ਜਦੋਂ ਉਹ ਵਾਪਸ ਆਇਆ ਤਾਂ ਉਹ ਘਰ ਦੇ ਵਰਾਂਡੇ ਵਿੱਚ ਡਿੱਗ ਗਿਆ। ਉਸਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ। ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਹਨਾਂ ਨੇ ਦੱਸਿਆ ਕਿ ਉਸਦੀ ਪੇਂਟ ਦੀ ਜੇਬ ਵਿੱਚੋਂ ਇੱਕ ਟੀਕਾ ਸਰਿੰਜ ਨਿਕਲੀ ਹੈ। ਉੱਧਰ ਥਾਣਾ ਰਾਮਾਮੰਡੀ ਦੇ ਐਸ.ਐਚ.ਓ ਸੁਲੱਖਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਹ ਦਾ ਪੋਸਟਮਾਰਟਮ ਕੱਲ ਸਵੇਰੇ ਕੀਤਾ ਜਾਵੇਗਾ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਤੱਥਾਂ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।