ਇਜ਼ਰਾਈਲ ਦੇ ਰਾਜਦੂਤ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ
ਇਜ਼ਰਾਈਲ ਦੇ ਰਾਜਦੂਤ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ
ਰਾਜਦੂਤ ਨੇ ਕਿਹਾ, ਬੜੇ ਚਿਰ ਦੀ ਤਾਂਘ ਅੱਜ ਪੂਰੀ ਹੋਈ ਹੈ
ਅੰਮ੍ਰਿਤਸਰ, 6 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਇਜ਼ਰਾਈਲ ਦੇ ਰਾਜਦੂਤ ਨੇ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕੁੱਝ ਪਲ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਬੜੀ ਸ਼ਰਧਾ ਭਾਵਨਾ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਾਥਨਾ ਕੀਤੀ।
ਇਸ ਮੌਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ, ਸੂਚਨਾ ਕੇਂਦਰ ਵਿਖੇ ਉਨ੍ਹਾਂ ਦਾ ਸਨਮਾਨ ਕਰਦਿਆਂ ਸਿੱਖੀ ਸਿਧਾਂਤਾਂ, ਲੰਗਰ ਤੇ ਪੰਗਤ, ਦਸਾਂ ਨਹੁੰਆਂ ਦੀ ਕਿਰਤ ਅਤੇ ਸਿੱਖ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਤੋਂ ਜਾਣੂੰ ਕਰਵਾਇਆ। ਰਾਜਦੂਤ ਨੇ ਇਸ ਮੌਕੇ ਅਪਣੀ ਸ਼ਰਧਾ ਭਾਵਨਾ ਤੋਂ ਜਾਣੂੰ ਕਰਵਾਉਂਦਿਆਂ ਕਿਹਾ ਕਿ ਬੜੇ ਚਿਰ ਤੋਂ ਉਨ੍ਹਾਂ ਦੀ ਤਾਂਘ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਦੀ ਸੀ ਜਿਹੜੀ ਅੱਜ ਪੂਰੀ ਹੋਈ ਹੈ। ਗੁਰੂ ਘਰ ਦੇ ਦਰਸ਼ਨ ਦੀਦਾਰ ਕਰਨ ਤੇ ਮਨ ਨੂੰ ਬੜਾ ਸਕੂਨ ਮਿਲਿਆ ਹੈ ਤੇ ਉਹ ਸਿੱਖੀ ਫ਼ਲਸਫ਼ੇ ਤੋਂ ਜਾਗਰੂਕ ਹੋਏ ਹਨ ਜਿਸ ਸਬੰਧੀ ਉਨਾ ਬੜਾ ਕੁੱਝ ਸੁਣਿਆ ਸੀ। ਦਸਤਾਰ ਸਜਾਈ, ਗੁਰੂ ਘਰ ਆਏ, ਇਜ਼ਰਾਇਲ ਦੇ ਰਾਜਦੂਤ ਨੇ ਪੰਜਾਬ ਅਤੇ ਸਿੱਖਾਂ ਦੀਆਂ ਕੁਰਬਾਨੀਆਂ ਖ਼ਾਸ ਕਰ ਕੇ ਜ਼ਿਕਰ ਕੀਤਾ।