Punjab News: ਧੋਖਾਧੜੀ ਦੇ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੈਸੇ ਲੈਣ ਦਾ ਮਾਮਲਾ; ਸਾਬਕਾ SHO ਸਣੇ 3 ਵਿਰੁਧ ਦਰਜ ਹੋਵੇਗੀ FIR
ਸਾਬਕਾ SHO ਸੁਮਿਤ ਮੋਰ, ਹੈੱਡ ਕਾਂਸਟੇਬਲ ਗੁਲਾਬ ਸਿੰਘ ਅਤੇ ਹੈੱਡ ਕਾਂਸਟੇਬਲ ਮਲਕੀਤ ਸਿੰਘ ਵਿਰੁਧ ਕੇਸ ਦਰਜ ਕਰਨ ਦੇ ਹੁਕਮ
Punjab News: ਮੁਹਾਲੀ ਅਦਾਲਤ ਨੇ ਧੋਖਾਧੜੀ ਦੇ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੈਸੇ ਲੈਣ ਦੇ ਇਲਜ਼ਾਮ ਤਹਿਤ ਮੁਹਾਲੀ ਵਿਜੀਲੈਂਸ ਨੂੰ ਸੋਹਾਣਾ ਥਾਣੇ ਦੇ ਸਾਬਕਾ ਐਸਐਚਓ ਸੁਮਿਤ ਮੋਰ, ਹੈੱਡ ਕਾਂਸਟੇਬਲ ਗੁਲਾਬ ਸਿੰਘ ਅਤੇ ਹੈੱਡ ਕਾਂਸਟੇਬਲ ਮਲਕੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿਤੇ ਹਨ। ਇਨ੍ਹਾਂ ਵਿਰੁਧ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7, 8, 9, 13 ਅਤੇ ਆਈਪੀਸੀ ਦੀਆਂ ਧਾਰਾਵਾਂ 166, 166ਏ, 201, 217, 218, 221, 223, 379ਏ ਅਤੇ 120ਬੀ ਤਹਿਤ ਐਫਆਈਆਰ ਦਰਜ ਕਰਨ ਦੀਆਂ ਹਦਾਇਤਾਂ ਦਿਤੀਆਂ ਗਈਆਂ ਹਨ।
ਇੰਸਪੈਕਟਰ ਸੁਮਿਤ ਮੋਰ ਨੇ ਕਿਹਾ ਕਿ ਉਸ ’ਤੇ ਲਾਏ ਗਏ ਸਾਰੇ ਇਲਜ਼ਾਮ ਝੂਠੇ ਹਨ। ਜਿਨ੍ਹਾਂ ਵਿਰੁਧ ਸ਼ਿਕਾਇਤ ਦਰਜ ਕੀਤੀ ਗਈ ਸੀ, ਉਨ੍ਹਾਂ ਨੂੰ ਬਿਨਾਂ ਜਾਂਚ ਤੋਂ ਕਿਵੇਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ? ਉਨ੍ਹਾਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਹੈ। ਉਹ ਮੁਹਾਲੀ ਅਦਾਲਤ ਵਲੋਂ ਦਿਤੇ ਫ਼ੈਸਲੇ ਖ਼ਿਲਾਫ਼ ਹਾਈ ਕੋਰਟ ਵਿਚ ਅਪੀਲ ਕਰਕੇ ਅਪਣਾ ਪੱਖ ਪੇਸ਼ ਕਰਨਗੇ।
ਦਾਇਰ ਪਟੀਸ਼ਨ ਵਿਚ ਦਸਿਆ ਗਿਆ ਕਿ ਜੁਲਾਈ 2023 ਨੂੰ ਪਿੰਡ ਕੰਬਾਲਾ ਵਿਚ 14 ਏਕੜ ਜ਼ਮੀਨ ਸਬੰਧੀ ਹਰਦੀਪ ਸਿੰਘ ਨਾਮਕ ਵਿਅਕਤੀ ਨਾਲ ਸਮਝੌਤਾ ਹੋਇਆ ਸੀ। ਸ਼ਿਕਾਇਤਕਰਤਾ ਨੇ 1.25 ਲੱਖ ਰੁਪਏ ਦੀ ਬਿਆਨਾ ਰਕਮ ਹਰਦੀਪ ਸਿੰਘ ਨੂੰ ਚੈੱਕ ਰਾਹੀਂ ਅਦਾ ਕੀਤੀ ਸੀ। ਦੋਵਾਂ ਵਿਚਾਲੇ ਸੋਹਾਣਾ 'ਚ ਸਮਝੌਤਾ ਹੋਇਆ ਸੀ।
ਸ਼ਿਕਾਇਤਕਰਤਾ ਨੂੰ ਬਾਅਦ ਵਿਚ ਪਤਾ ਲੱਗਿਆ ਕਿ ਹਰਦੀਪ ਸਿੰਘ ਨੇ ਉਸ ਨਾਲ ਧੋਖਾਧੜੀ ਕੀਤੀ ਹੈ ਕਿਉਂਕਿ ਉਹ ਭੂ-ਮਾਫੀਆ ਦਾ ਬੇਨਾਮੀਦਾਰ ਸੀ। ਉਸ ਨੇ 25 ਜੁਲਾਈ ਨੂੰ ਸੋਹਾਣਾ ਥਾਣੇ ਵਿਚ ਹਰਦੀਪ ਸਿੰਘ ਖ਼ਿਲਾਫ਼ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਪੁਲਿਸ ਨੇ ਮਾਮਲੇ ਵਿਚ ਐਫਆਈਆਰ ਦਰਜ ਨਹੀਂ ਕੀਤੀ ਸਗੋਂ ਸ਼ਿਕਾਇਤਕਰਤਾ ਨੂੰ ਕਿਸੇ ਹੋਰ ਦਿਨ ਆਉਣ ਲਈ ਕਿਹਾ। 27 ਜੁਲਾਈ ਨੂੰ ਇਕ ਸਬ-ਇੰਸਪੈਕਟਰ, ਹੈੱਡ ਕਾਂਸਟੇਬਲ ਮਲਕੀਤ ਸਿੰਘ ਅਤੇ ਗੁਲਾਬ ਸਿੰਘ ਸੋਹਾਣਾ ਵਿਚ ਅਸ਼ਟਾਮ ਵਿਕਰੇਤਾ ਦੀ ਦੁਕਾਨ ’ਤੇ ਪੁੱਜੇ ਅਤੇ ਪ੍ਰਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਉਸ ਨੂੰ ਗ੍ਰਿਫਤਾਰ ਕਰਨ ਸਮੇਂ ਉਸ ਦੇ ਕੁੱਝ ਵਿਅਕਤੀਆਂ ਨੇ ਵੀਡੀਉ ਬਣਾ ਲਈ ਤਾਂ ਹੈੱਡ ਕਾਂਸਟੇਬਲ ਗੁਲਾਬ ਸਿੰਘ ਨੇ ਉਨ੍ਹਾਂ ਦੇ ਮੋਬਾਈਲ ਖੋਹ ਲਏ ਅਤੇ ਸੋਹਾਣਾ ਥਾਣੇ ਵਿਚ ਜਾ ਕੇ ਉਨ੍ਹਾਂ ਦੇ ਮੋਬਾਈਲਾਂ ਵਿਚੋਂ ਸਾਰੀਆਂ ਵੀਡੀਉਜ਼ ਡਿਲੀਟ ਕਰ ਦਿਤੀਆਂ ਅਤੇ ਬਾਅਦ ਵਿਚ ਉਨ੍ਹਾਂ ਨੂੰ ਛੱਡ ਦਿਤਾ।
ਸਾਲ 2023 ਵਿਚ ਜਦੋਂ ਇੰਸਪੈਕਟਰ ਸੁਮਿਤ ਮੋਰ ਸੋਹਾਣਾ ਥਾਣੇ ਵਿਚ ਐਸਐਚਓ ਵਜੋਂ ਕੰਮ ਕਰ ਰਹੇ ਸਨ ਅਤੇ ਹੈੱਡ ਕਾਂਸਟੇਬਲ ਮਲਕੀਤ ਸਿੰਘ ਅਤੇ ਗੁਲਾਬ ਸਿੰਘ ਵੀ ਇਥੇ ਤਾਇਨਾਤ ਸਨ। ਤਿੰਨੋਂ ਪੁਲਿਸ ਮੁਲਾਜ਼ਮਾਂ ਨੇ 57 ਸਾਲਾ ਗੁਰਮੀਤ ਸਿੰਘ ਵਾਸੀ ਪਿੰਡ ਮਹਿਰਾਜ, ਜ਼ਿਲ੍ਹਾ ਬਠਿੰਡਾ ਨੂੰ ਧੋਖਾਧੜੀ ਦੇ ਇਕ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਉਤੇ ਪੈਸੇ ਲੈ ਕੇ ਬਿਨਾਂ ਕੋਈ ਕਾਰਵਾਈ ਕੀਤੇ ਛੱਡਣ ਦਾ ਦੋਸ਼ ਲਾਇਆ ਗਿਆ। ਜਿਸ ਤੋਂ ਬਾਅਦ ਉਸ ਦੇ ਖਿਲਾਫ ਐਫਆਈਆਰ ਦਰਜ ਕਰਨ ਲਈ ਮੁਹਾਲੀ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ।
(For more Punjabi news apart from Punjab News: Case will be filed against 3 including Sohana SHO, stay tuned to Rozana Spokesman)