Punjab News: 4,000 ਰੁਪਏ ਰਿਸ਼ਵਤ ਲੈਂਦਾ ਗਲਾਡਾ ਦਾ ਫੀਲਡ ਅਫ਼ਸਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ੋਰਾ ਸਿੰਘ ਨੇ ਦੋ ਮਕਾਨਾਂ ਦਾ ਲੈਂਟਰ ਪਾਉਣ ਬਦਲੇ ਮੰਗੀ ਰਿਸ਼ਵਤ

Vigilance Bureau Nabs GLADA Field Officer for taking Bribe

Punjab News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁਧ ਚੱਲ ਰਹੀ ਮੁਹਿੰਮ ਤਹਿਤ ਬੁੱਧਵਾਰ ਨੂੰ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੇ ਫੀਲਡ ਅਫਸਰ ਵਜੋਂ ਤਾਇਨਾਤ ਜ਼ੋਰਾ ਸਿੰਘ ਨੂੰ 4,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਰਾਜ ਵਿਜੀਲੈਂਸ ਬਿਓਰੋ ਦੇ  ਬੁਲਾਰੇ ਨੇ ਦਸਿਆ ਕਿ ਉਕਤ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤਾਂ ਲੁਧਿਆਣਾ ਵਿਚ ਵਕੀਲ ਵਜੋਂ ਵਕਾਲਤ ਕਰਦੇ ਅਮਿਤ ਰਾਏ, ਵਾਸੀ ਈਸ਼ਰ ਨਗਰ, ਲੁਧਿਆਣਾ ਵਲੋਂ ਦਰਜ ਕਰਵਾਈ  ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੀਤੀ ਅਤੇ ਦਸਿਆ ਕਿ ਉਕਤ ਕਰਮਚਾਰੀ ਵਲੋਂ ਸ਼ਿਵ ਵਿਹਾਰ, ਪਿੰਡ ਜਸਪਾਲ ਬਾਂਗਰ, ਲੁਧਿਆਣਾ ਵਿਖੇ ਉਸ ਦੇ ਨਿਰਮਾਣ ਅਧੀਨ ਦੋ ਮਕਾਨਾਂ ਦਾ ਲੈਂਟਰ ਪਾਉਣ ਬਦਲੇ 4,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਕਰਮਚਾਰੀ ਨੇ ਧਮਕੀ ਦਿਤੀ ਕਿ ਜੇਕਰ ਰਿਸ਼ਵਤ ਦੀ ਰਕਮ ਦੋਵਾਂ ਮਕਾਨਾਂ ਲਈ ਨਾ ਦਿਤੀ ਗਈ ਤਾਂ ਉਹ ਲੈਂਟਰ ਪਾਉਣ ਨਹੀਂ ਦੇਵੇਗਾ ਅਤੇ ਇਹ ਵੀ ਕਿਹਾ ਹੈ ਕਿ ਰਿਸ਼ਵਤ ਦੀ ਰਿਹ ਰਕਮ ਗਲਾਡਾ ਦੇ ਹੋਰ ਅਧਿਕਾਰੀਆਂ ਨਾਲ ਵੀ ਵੰਡੀ ਜਾਵੇਗੀ।

ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਲੁਧਿਆਣਾ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 4,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਉਕਤ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਗਲਾਡਾ ਦੇ ਹੋਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

(For more Punjabi news apart from Vigilance Bureau Nabs GLADA Field Officer for taking Bribe, stay tuned to Rozana Spokesman)