Punjab News: ਅੱਜ ਤੋਂ ਪੰਜਾਬ ਵਿਚ ਹੋਣਗੇ ਆਨਲਾਈਨ ਚਲਾਨ: CM ਭਗਵੰਤ ਮਾਨ 

ਏਜੰਸੀ

ਖ਼ਬਰਾਂ, ਪੰਜਾਬ

ਨਸ਼ਿਆਂ ਦੀ ਕਾਲੀ ਕਮਾਈ ਨਾਲ ਬਣਾਈਆਂ ਬਿਲਡਿੰਗਾਂ ਤੇ ਕੋਠੀਆਂ ਨੂੰ ਆਪਣੇ ਕਬਜ਼ੇ ਵਿਚ ਲਵੇਗੀ ਸਰਕਾਰ

Online challans will be available in Punjab from today: CM Bhagwant Mann

 

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ (6 ਮਾਰਚ) ਮੋਹਾਲੀ ਪਹੁੰਚੇ। ਉਨ੍ਹਾਂ ਨੇ 21 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਸ਼ਹਿਰ ਦੀ ਨਿਗਰਾਨੀ ਪ੍ਰਣਾਲੀ ਅਤੇ ਆਵਾਜਾਈ ਪ੍ਰਬੰਧਨ ਪ੍ਰਣਾਲੀ (ਪੜਾਅ-1) ਦਾ ਉਦਘਾਟਨ ਕੀਤਾ। ਇਸ ਸਿਸਟਮ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਮੋਹਾਲੀ ਦੀਆਂ ਸਾਰੀਆਂ ਸੜਕਾਂ ਪੁਲਿਸ ਨਿਗਰਾਨੀ ਹੇਠ ਹੋਣਗੀਆਂ।

ਇਸ ਤੋਂ ਇਲਾਵਾ ਚੰਡੀਗੜ੍ਹ ਦੀ ਤਰਜ਼ 'ਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਈ-ਚਲਾਨ ਜਾਰੀ ਕੀਤੇ ਜਾਣਗੇ। 

ਉਨ੍ਹਾਂ ਕਿਹਾ ਕਿ ਅੱਜ ਤੋਂ ਪੰਜਾਬ ਵਿਚ ਆਨਲਾਈਨ ਚਲਾਨ ਕੱਟੇ ਜਾਣਗੇ। ਹੁਣ AI ਨਾਲ ਲਿੰਕ 19 ਪੁਆਇੰਟਾਂ ’ਤੇ ਕੁੱਲ 351 ਕੈਮਰੇ ਲਗਾਏ ਜਾਣਗੇ। ਇਹ ਨਿਯਮ ਪੈਸੇ ਕਮਾਉਣ ਲਈ ਨਹੀਂ ਤੁਹਾਡੀ ਜ਼ਿੰਦਗੀ ਬਚਾਉਣ ਲਈ ਬਣਾਏ ਗਏ ਹਨ। ਜਾਨ ਮਾਲ ਦੀ ਰੱਖਿਆ ਕਰਨਾ ਸਰਕਾਰ ਦਾ ਕੰਮ ਹੁੰਦਾ ਹੈ। 

ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁਧ ਛੇੜਿਆ ਯੁੱਧ ਕੋਈ ਇਕ ਦਿਨ ਦਾ ਫ਼ੈਸਲਾ ਨਹੀਂ ਸੀ ਇਸ ਨੂੰ ਸ਼ੁਰੂ ਕਰਨ ਲਈ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਗਈਆਂ। 
ਸੀਐਮ ਨੇ ਕਿਹਾ ਕਿ ਜਿਹੜੇ ਲੋਕ ਨਸ਼ਿਆਂ ਦੀ ਦਲਦਲ ਵਿਚ ਫਸ ਗਏ ਉਨ੍ਹਾਂ ਦਾ ਇਲਾਜ ਕਰ ਕੇ ਉਨ੍ਹਾਂ ਨੂੰ ਕੰਮ ਦੇਵਾਂਗੇ।

ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਦੇ ਦਲਦਲ ਵਿਚ ਫਸੇ ਇਨ੍ਹਾਂ ਭੋਲੇਭਾਲੇ ਨੌਜਵਾਨਾਂ ਦਾ ਕੋਈ ਕਸੂਰ ਨਹੀਂ ਸੀ ਬਲਕਿ ਉਨ੍ਹਾਂ ਨੇ ਰੁਜ਼ਗਾਰ ਨਾ ਮਿਲਣ ਕਾਰਨ ਵਧੀ ਬੇਚੈਨੀ ਕਾਰਨ ਇਸ ਰਸਤੇ ਨੂੰ ਅਪਣਾ ਲਿਆ। ਤੇ ਕੁੱਝ ਮਾੜੇ ਲੋਕਾਂ ਨੇ ਇਸ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਨੂੰ ਹੋਰ ਵੀ ਡੂੰਘੀ ਖੱਡ ਵਿਚ ਧੱਕ ਦਿੱਤਾ। 

ਸੀਐਮ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨਾਲ ਸਹਿਯੋਗ ਕਰਨ ਤੇ ਦੱਸਣ ਕਿ ਉਨ੍ਹਾਂ ਦੇ ਪਿੰਡ ਵਿਚ ਕੌਣ-ਕੌਣ ਨਸ਼ਾ ਵੇਚਦਾ ਹੈ ਤੇ ਉਨ੍ਹਾਂ ਦੇ ਨਾਮ ਗੁਪਤ ਰੱਖੇ ਜਾਣਗੇ।

ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਨਸ਼ਾ ਤਸਕਰਾਂ ਖ਼ਿਲਾਫ਼ ਬੁਲਡੋਜ਼ਰ ਐਕਸ਼ਨ ਜਾਰੀ ਹੈ ਤੇ ਨਸ਼ਿਆਂ ਦੀ ਕਾਲੀ ਕਮਾਈ ਨਾਲ ਬਣਾਈਆਂ ਬਿਲਡਿੰਗਾਂ ਤੇ ਕੋਠੀਆਂ ਨੂੰ ਸਰਕਾਰ ਆਪਣੇ ਕਬਜ਼ੇ ਵਿਚ ਲਵੇਗੀ। 

ਮੁੱਖ ਮੰਤਰੀ ਨੇ ਇਹ ਪ੍ਰਗਟਾਵਾ ਮੁਹਾਲੀ ਦੇ ਸੈਕਟਰ 79 ਵਿੱਚ ਸਥਿਤ ਸੋਹਾਣਾ ਥਾਣੇ ਦੀ ਨਵੀਂ ਇਮਾਰਤ ਵਿੱਚ ਇੱਕ ਕੰਟਰੋਲ ਰੂਮ ਸਥਾਪਤ ਕਰਨ ਵੇਲੇ ਕੀਤਾ। ਜਿੱਥੋਂ 24 ਘੰਟੇ ਟਰੈਫ਼ਿਕ ਉੱਤੇ ਨਿਗਰਾਨੀ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ, ਇਹ ਸਿਸਟਮ ਸ਼ਹਿਰ ਦੇ 20 ਪ੍ਰਮੁੱਖ ਚੌਰਾਹਿਆਂ/ਸਥਾਨਾਂ 'ਤੇ ਸਥਾਪਤ ਕੀਤਾ ਜਾਵੇਗਾ। ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਪੁਲਿਸ ਨੂੰ ਇਸ ਪ੍ਰੋਜੈਕਟ ਲਈ ਲੋੜੀਂਦੇ ਫੰਡ ਵੀ ਪ੍ਰਾਪਤ ਹੋ ਗਏ ਹਨ।