ਮੀਰਾ ਕੁਮਾਰ ਦੀ ਹਮਾਇਤ ਕਰਨ ਵਾਲੀ 'ਆਪ' ਹੈ ਕਾਂਗਰਸ ਦੀ 'ਬੀ' ਟੀਮ : ਸਿਰਸਾ
ਅਕਾਲੀ-ਭਾਜਪਾ ਗਠਜੋੜ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਾਂਗਰਸ ਵਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦ ਮਹਿਲਾ ਆਗੂ ਮੀਰਾ ਕੁਮਾਰ ਦੀ ਹਮਾਇਤ ਕਰ ਕੇ....
ਨਵੀਂ ਦਿੱਲੀ, 14 ਜੁਲਾਈ (ਸੁਖਰਾਜ ਸਿੰਘ) : ਅਕਾਲੀ-ਭਾਜਪਾ ਗਠਜੋੜ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਾਂਗਰਸ ਵਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦ ਮਹਿਲਾ ਆਗੂ ਮੀਰਾ ਕੁਮਾਰ ਦੀ ਹਮਾਇਤ ਕਰ ਕੇ ਅਰਵਿੰਦ ਕੇਜਰੀਵਾਲ ਨੇ ਸਾਬਤ ਕਰ ਦਿਤਾ ਹੈ ਕਿ 'ਆਪ' ਅਸਲ ਵਿਚ ਕਾਂਗਰਸ ਦੀ 'ਬੀ' ਟੀਮ ਹੈ। ਸਿਰਸਾ ਨੇ ਕਿਹਾ ਕਿ ਲੋਕ ਪਹਿਲੇ ਦਿਨ ਤੋਂ ਆਖ ਰਹੇ ਸਨ ਕਿ ਕੇਜਰੀਵਾਲ ਅਸਲ 'ਚ ਕਾਂਗਰਸ ਪਾਰਟੀ ਦੀ ਦੇਣ ਹੈ ਅਤੇ 'ਆਪ' ਇਸ ਦੀ 'ਬੀ' ਟੀਮ ਹੈ ਪਰ ਹੁਣ ਦੂਜੀ ਵਾਰ ਹੈ ਜਦ ਅਜਿਹਾ ਸਾਬਤ ਵੀ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਪਹਿਲੀ ਵਾਰ ਇਹ ਉਦੋਂ ਸਾਬਤ ਹੋਇਆ ਸੀ ਜਦ ਕੇਜਰੀਵਾਲ ਨੇ ਕਾਂਗਰਸ ਨਾਲ ਗਠਜੋੜ ਕਰ ਕੇ ਸਰਕਾਰ ਬਣਾਈ ਸੀ ਤੇ ਹੁਣ ਉਨ੍ਹਾਂ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਕਾਂਗਰਸੀ ਉਮੀਦਵਾਰ ਮੀਰਾ ਕੁਮਾਰ ਦੀ ਹਮਾਇਤ ਕਰ ਕੇ ਅਜਿਹਾ ਸਾਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਕੇਜਰੀਵਾਲ ਤੇ ਉਨ੍ਹਾਂ ਦੀ ਜੁੰਡਲੀ ਵਲੋਂ ਦਿੱਲੀ ਦੇ ਲੋਕਾਂ ਵਲੋਂ ਦਿਤੇ ਗਏ ਫ਼ਤਵੇ ਨਾਲ ਧੋਖਾ ਕਰਨਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤੇ ਉਨ੍ਹਾਂ ਦੀ ਟੀਮ ਨੇ ਦਿੱਲੀ ਦੇ ਲੋਕਾਂ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਕਿ ਉਹ ਕਾਂਗਰਸ ਦੇ ਭ੍ਰਿਸ਼ਟਾਚਾਰ ਵਿਰੁਧ ਹਨ ਅਤੇ ਉਨ੍ਹਾਂ ਨੇ ਚਾਰਜਸ਼ੀਟ ਤਿਆਰ ਕੀਤੀ ਹੈ ਜਿਸ ਦੇ ਆਧਾਰ 'ਤੇ ਭ੍ਰਿਸ਼ਟਾਚਾਰ ਕਰਨ ਵਾਲੇ ਕਾਂਗਰਸੀ ਆਗੂਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ।