ਗ੍ਰਿਫ਼ਤਾਰ ਹੋਣਗੇ ਜਾਂ ਜ਼ਮਾਨਤਾਂ ਕਰਵਾਉਣਗੇ ਟ੍ਰੈਫਿ਼ਕ ਜਾਮ ਕਰਨ ਵਾਲੇ ਅਕਾਲੀ ਆਗੂ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

8 ਦਸੰਬਰ 2017 ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਵਰਕਰਾਂ ਵਿਰੁਧ ਦਰਜ ਝੂਠੇ ਕੇਸਾਂ ਦੇ ਵਿਰੋਧ ਵਿਚ ਕੀਤੇ ਟ੍ਰੈਫਿ਼ਕ ...

Akali leaders will be traffic jam bail or arrested?

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : 8 ਦਸੰਬਰ 2017 ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਵਰਕਰਾਂ ਵਿਰੁਧ ਦਰਜ ਝੂਠੇ ਕੇਸਾਂ ਦੇ ਵਿਰੋਧ ਵਿਚ ਕੀਤੇ ਟ੍ਰੈਫਿ਼ਕ ਜਾਮ ਕਾਰਨ ਹੁਣ ਪੰਜਾਬ ਪੁਲਿਸ ਫਸੀ ਨਜ਼ਰ ਆ ਰਹੀ ਹੈ। 'ਪੁਲਿਸ ਦੁਆਰਾ ਹੱਥ ਪਾਉਣਯੋਗ' ਜ਼ੁਰਮ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਵਲੋਂ ਧਰਨਾਕਾਰੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨਾ ਜਿਥੇ ਸਰਕਾਰ ਦੀ ਅਕਾਲੀ ਆਗੂਆਂ ਪ੍ਰਤੀ ਨਰਮ ਪਹੁੰਚ ਸਾਬਤ ਕਰਦਾ ਹੈ, ਉੱਥੇ ਇਹ ਪੰਜਾਬ ਪੁਲਿਸ ਦੀ ਅਣਗਹਿਲੀ ਦਾ ਮਾਮਲਾ ਵੀ ਬਣਦਾ ਹੈ।

ਆਰਟੀਆਈ ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਵਲੋਂ ਬਠਿੰਡਾ, ਤਰਨਤਾਰਨ, ਜਲੰਧਰ, ਕਪੂਰਥਲਾ, ਮੋਗਾ, ਅੰਮ੍ਰਿਤਸਰ, ਫ਼ਿਰੋਜ਼ਪੁਰ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਤੋਂ ਆਰਟੀਆਈ ਤਹਿਤ ਕੁਝ ਜਾਣਕਾਰੀ ਮੰਗੀ ਗਈ ਸੀ। ਇਸ ਵਿਚ ਪੁੱਛਿਆ ਗਿਆ ਸੀ ਕਿ ਜਿਨ੍ਹਾਂ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਪੂਰੇ ਪੰਜਾਬ 'ਚ ਸੜਕਾਂ 'ਤੇ ਧਰਨੇ ਦੇ ਕੇ ਟ੍ਰੈਫਿ਼ਕ ਵਿਚ ਵਿਘਨ ਪਾਇਆ ਸੀ, ਉਨ੍ਹਾਂ 'ਚੋਂ ਹੁਣ ਤਕ ਕਿੰਨੇ ਵਿਅਕਤੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਕਿੰਨਿਆਂ ਦੀ ਗ੍ਰਿਫ਼ਤਾਰੀ ਬਾਕੀ ਹੈ।

ਇਹ ਵੀ ਪੁੱਛਿਆ ਗਿਆ ਕਿ ਇਨ੍ਹਾਂ ਵਿਚੋਂ ਕਿੰਨੇ ਵਿਅਕਤੀਆਂ ਦੁਆਰਾ ਕਰਵਾਈਆਂ 'ਅਗਾਊਂ ਜ਼ਮਾਨਤਾਂ' ਦੀਆਂ ਕਾਪੀਆਂ ਦੀ ਵੀ ਮੰਗ ਕੀਤੀ ਗਈ ਸੀ। ਉਨ੍ਹਾਂ ਨਿਯਮਾਂ ਦੀ ਕਾਪੀ ਵੀ ਮੰਗੀ ਗਈ ਸੀ, ਜਿਨ੍ਹਾਂ ਤਹਿਤ ਪੁਲਿਸ ਕੋਲ ਇਹ ਸ਼ਕਤੀਆਂ ਹੁੰਦੀਆਂ ਹਨ ਕਿ ਉਹ ਪੁਲਿਸ ਦੁਆਰਾ ਹੱਥ ਪਾਉਣਯੋਗ ਜ਼ੁਰਮ ਵਿਚ ਵੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰੇ। ਆਰਟੀਆਈ ਦਾ ਅਗਲਾ ਸਵਾਲ ਇਹ ਸੀ ਕਿ ਜੇਕਰ ਟ੍ਰੈਫਿ਼ਕ ਜਾਮ ਕਰਨ ਵਾਲੇ 'ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਲਈ ਉੱਚ ਅਧਿਕਾਰੀਆਂ' ਨੇ ਕੋਈ ਪੱਤਰ ਲਿਖੇ ਹਨ ਤਾਂ ਉਨ੍ਹਾਂ ਦੀਆਂ ਕਾਪੀਆਂ ਦਿਤੀਆਂ ਜਾਣ।

ਬਹੁਤੇ ਐਸਐਸਪੀ ਇਸ ਮਾਮਲੇ 'ਚ ਸੂਚਨਾ ਦੇਣ ਤੋਂ ਕੰਨੀ ਕਤਰਾ ਰਹੇ ਹਨ। ਕੁੱਝ ਨੇ ਸੂਚਨਾ ਦੇਣ ਤੋਂ ਇਨਕਾਰ ਕੀਤਾ ਹੈ ਅਤੇ ਕੁਝ ਨੇ ਸਿਰਫ਼ ਐਫ਼ਆਈਆਰ ਦੀ ਕਾਪੀ ਹੀ ਉਪਲਬਧ ਕਰਵਾਈ ਹੈ ਪਰ ਤਰਨਤਾਰਨ ਪੁਲਿਸ ਦੀ ਮੰਨੀਏ ਤਾਂ ਉਨ੍ਹਾਂ ਨੂੰ ਸਾਬਕਾ ਐਮਐਲਏ ਵਿਰਸਾ ਸਿੰਘ ਵਲਟੋਹਾ ਅਤੇ ਹਰਮੀਤ ਸਿੰਘ ਅਤੇ ਉਨ੍ਹਾਂ ਦੇ ਛੇ ਹੋਰ ਸਾਥੀ ਲੱਭ ਨਹੀਂ ਰਹੇ। 

ਆਪਣੇ ਜਵਾਬ ਵਿਚ ਐਸਐਸਪੀ ਦਫ਼ਤਰ ਨੇ ਦਸਿਆ ਹੈ ਕਿ ਪੁਲਿਸ ਥਾਣਾ ਪੱਟੀ ਵਿਖੇ ਮੁਕੱਦਮਾ ਨੰਬਰ 204 ਦਰਜ ਕੀਤਾ ਗਿਆ ਸੀ, ਜਿਸ ਵਿਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 283, 341, 431, 427, 148, 149 ਅਤੇ 188 ਲਗਾਈਆਂ ਗਈਆਂ ਸਨ। ਇਸ ਮੁਕੱਦਮੇ ਨਾਲ ਸਬੰਧਤ ਸਾਰੇ ਦੋਸ਼ੀ ਗ੍ਰਿਫ਼ਤਾਰ ਕਰਨੇ ਬਾਕੀ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਮੰਨਿਆ ਹੈ ਕਿ ਇਸ ਮੁਕੱਦਮੇ 'ਚ ਕਿਸੇ ਵੀ ਦੋਸ਼ੀ ਵਲੋਂ ਜ਼ਮਾਨਤਾਂ ਨਹੀਂ ਕਰਵਾਈਆਂ ਗਈਆਂ ਅਤੇ ਨਾ ਹੀ ਇਨ੍ਹਾਂ ਨੂੰ ਗ੍ਰਿਫ਼ਤਾਰ ਨਾ ਕਰਨ ਲਈ ਉੱਚ ਅਧਿਕਾਰੀਆਂ ਤੋਂ ਕੋਈ ਪੱਤਰ ਪ੍ਰਾਪਤ ਹੋਏ ਹਨ।

ਸੂਤਰਾਂ ਦੀ ਮੰਨੀਏ ਤਾਂ ਸਾਰੇ ਪੰਜਾਬ 'ਚ ਟ੍ਰੈਫਿ਼ਕ ਜਾਮ ਕਰਨ ਲਈ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਰਣਜੀਤ ਸਿੰਘ ਬ੍ਰਹਮਪੁਰਾ, ਬੀਬੀ ਜਗੀਰ ਕੌਰ, ਡਾ. ਉਪਿੰਦਰਜੀਤ ਕੌਰ, ਪਵਨ ਟੀਨੂ, ਸ਼ਰਨਜੀਤ ਸਿੰਘ ਢਿੱਲੋਂ ਆਦਿ ਸਮੇਤ ਲਗਭਗ ਸਾਰੇ ਹੀ ਪ੍ਰਮੁੱਖ ਅਕਾਲੀ ਆਗੂ ਇਸ ਵੇਲੇ 'ਮੁਲਜ਼ਮ' ਹਨ, ਜਿਨ੍ਹਾਂ ਨੂੰ ਕਾਨੂੰਨ ਮੁਤਾਬਕ ਗ੍ਰਿਫ਼ਤਾਰ ਕੀਤਾ ਜਾਣਾ ਬਣਦਾ ਸੀ ਪਰ ਸਰਕਾਰ ਇਸ ਮੁੱਦੇ 'ਤੇ ਖ਼ਤਰਾ ਮੁੱਲ ਨਹੀਂ ਲੈ ਸਕਦੀ। 

ਉਧਰ ਪਰਵਿੰਦਰ ਸਿੰਘ ਕਿੱਤਣਾ ਦਾ ਕਹਿਣਾ ਹੈ ਕਿ ਉਸ ਵਲੋਂ ਇਸ ਮਾਮਲੇ 'ਤੇ ਪੰਜਾਬ ਦੇ ਪ੍ਰਮੁੱਖ ਐਕਟਿਵਿਸਟਾਂ ਨਾਲ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਵੱਡੇ ਆਗੂਆਂ ਨੂੰ ਕਾਨੂੰਨ ਸਾਹਮਣੇ ਬਰਾਬਰ ਲਿਆਉਣ ਲਈ ਕਾਨੂੰਨੀ ਚਾਰਾਜ਼ੋਈ ਕੀਤੀ ਜਾ ਸਕੇ।