ਸਾਉਦੀ ਅਰਬ ਗਿਆ ਬਲਜੀਤ ਸਿੰਘ ਅਪਣੇ ਘਰ ਤਾਬੂਤ 'ਚ ਵਾਪਸ ਆਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਪਣੇ ਘਰ ਦੀ ਆਰਥਕ ਹਾਲਤ ਸੁਧਾਰਨ ਲਈ ਸਾਉਦੀ ਅਰਬ ਗਿਆ

Coffin

ਅੱਜ ਦੋ ਮਹੀਨਿਆਂ ਬਾਅਦ ਬਰਨਾਲਾ ਦੇ ਕਸਬਾ ਧਨੌਲਾ ਦੇ ਰਹਿਣ ਵਾਲੇ ਬਲਜੀਤ ਸਿੰਘ ਦੀ ਮ੍ਰਿਤਕ ਦੇਹ ਵੀ ਉਸ ਦੇ ਘਰ ਪਹੁੰਚੀ ਜਿਥੇ ਪਰਵਾਰ ਵਲੋਂ ਅੰਤਮ ਰਸਮਾਂ ਨਾਲ ਉਸ ਦਾ ਸਸਕਾਰ ਕੀਤਾ ਗਿਆ। ਅਪਣੇ ਘਰ ਦੀ ਆਰਥਕ ਹਾਲਤ ਸੁਧਾਰਨ ਲਈ ਸਾਉਦੀ ਅਰਬ ਗਿਆ ਬਲਜੀਤ ਸਿੰਘ ਅੱਜ ਅਪਣੇ ਘਰ ਤਾਬੂਤ ਵਿਚ ਵਾਪਸ ਆਇਆ ਜਿਥੇ ਉਸ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਨਮ ਅੱਖਾਂ ਨਾਲ ਉਸ ਦੇ ਅੰਤਮ ਦਰਸ਼ਨ ਕੀਤੇ ਅਤੇ ਉਸ ਦਾ ਰਸਮਾਂ ਮੁਤਾਬਕ ਸਸਕਾਰ ਕੀਤਾ। ਪਰਿਵਾਰਕ ਮੈਂਬਰਾਂ ਨੇ ਦਸਿਆ ਕਿ 25 ਸਾਲ ਪਹਿਲਾ ਬਲਜੀਤ ਰੋਜ਼ੀ ਕਮਾਉਣ ਸਾਊਦੀ ਅਰਬ ਗਿਆ ਅਤੇ ਟਰਾਲਾ ਚਲਾਉਂਦੇ ਸਮੇਂ 28 ਜਵਨਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਲੱਖਾਂ ਰੁਪਏ ਦੀ ਰਾਸ਼ੀ ਦਾ ਪ੍ਰਬੰਧ ਕਰਨ ਵਿਚ ਉਕਤ ਗ਼ਰੀਬ ਪਰਵਾਰ ਅਸਮਰੱਥ ਸੀ।

ਉਨ੍ਹਾਂ ਹੈਲਪਿੰਗ ਹੈਪਲੈਸ ਸੰਸਥਾ ਵਲੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਧਨਵਾਦ ਵੀ ਕੀਤਾ। ਇਸ ਮੌਕੇ ਹੈਲਪਿੰਗ ਹੈਪਲੈਸ ਸੰਸਥਾ ਦੀ ਬਾਨੀ ਅਮਨਜੋਤ ਕੌਰ ਰਾਮੂਵਾਲੀਆ ਨੇ ਦਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਵਿਦੇਸ਼ਾਂ ਵਿਚ ਗਏ ਪੰਜਾਬੀ ਦੀ ਮਦਦ ਲਈ ਕੰਮ ਕਰਦੇ ਆ ਰਹੇ ਹਨ ਅਤੇ ਉਕਤ ਪੀੜਤ ਪਰਵਾਰ ਵਲੋਂ ਵੀ ਉਨ੍ਹਾਂ ਤਕ ਪਹੁੰਚ ਕੀਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਸਾਉਦੀ ਅਰਬ ਅਤੇ ਉਥੇ ਸਥਿਤ ਭਾਰਤੀ ਅੰਬੈਂਸੀ ਨਾਲ ਤਾਲਮੇਲ ਕਰ ਕੇ ਬਲਜੀਤ ਸਿੰਘ ਦੀ ਕੰਪਨੀ ਤੋਂ ਖ਼ਰਚੇ ਉਪਰ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਗਈ ਹੈ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਵੀ ਪਰਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।