ਗੰਗਾ ਨਗਰ ਵਿਚ ਸਿੱਖਾਂ ਨੂੰ ਲੰਗਰ ਲਗਾਉਣਾ ਪਿਆ ਭਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ੇਸਬੁਕ 'ਤੇ ਸਿੱਖਾਂ ਨੂੰ ਗੰਗਾ ਨਗਰ ਛੱਡਣ ਲਈ ਕਿਹਾ

Gaurav Dhingra

ਭਾਰਤ ਬੰਦ ਦੌਰਾਨ ਲੰਗਰ ਸੇਵਾ ਕਰਨਾ ਰਾਜਸਥਾਨ ਦੇ ਗੰਗਾ ਨਗਰ ਦੇ ਸਿੱਖਾਂ ਨੂੰ ਕਿੰਨਾ ਭਾਰੀ ਪਿਆ ਕਿ ਇਕ ਸਿਰਫਿਰੇ ਨੇ ਫ਼ੇਸਬੁਕ 'ਤੇ ਗ਼ੈਰ ਹਿੰਦੂਆਂ ਨੂੰ ਗੰਗਾ ਨਗਰ ਛੱਡ ਕੇ ਚਲੇ ਜਾਣ ਦਾ ਫਤਵਾ ਜਾਰੀ ਕਰ ਦਿਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜਸਥਾਨ ਦੇ ਸਿੱਖ ਆਗੂ ਤੇਜਿੰਦਰਪਾਲ ਸਿੰਘ ਟਿਮਾ ਨੇ ਦਸਿਆ ਕਿ ਬੀਤੇ ਦਿਨੀ ਭਾਰਤ ਬੰਦ ਦੌਰਾਨ ਗੰਗਾ ਨਗਰ ਵਿਚ ਸਿੱਖਾਂ ਵਲੋਂ ਲੰਗਰ ਲਗਾਇਆ ਗਿਆ ਸੀ। ਇਸ ਤੋਂ ਕੁੱਝ ਸ਼ਰਾਰਤੀ ਲੋਕਾਂ ਨੇ ਫ਼ੇਸਬੁਕ 'ਤੇ ਭੱਦੀਆਂ ਟਿਪਣੀਆਂ ਕੀਤੀਆਂ ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿਤੀ ਗਈ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਟਿਪਣੀ ਕਰਨ ਵਾਲੇ ਨੂੰ ਹਿਰਾਸਤ ਵਿਚ ਲਿਆ ਹੈ। ਕੁੱਝ ਲੋਕਾਂ ਨੇ ਇਸ ਪੋਸਟ ਨੂੰ ਅੱਗੇ ਸ਼ੇਅਰ ਕੀਤਾ ਸੀ ਅਤੇ ਪੁਲਿਸ ਉਨ੍ਹਾਂ ਦੀ ਵੀ ਭਾਲ ਕਰ ਰਹੀ ਹੈ।

ਇਸ ਗੱਲ ਦਾ ਪਤਾ ਲਗਦੇ ਸਾਰ ਹੀ ਅਰੋੜਾ ਵੰਸ਼ ਟਰੱਸਟ ਦੇ ਆਗੂ ਥਾਣੇ ਆ ਗਏ। ਉਨ੍ਹਾਂ ਮੌਕੇ 'ਤੇ ਇਸ ਗੱਲ ਦੀ ਨਿਖੇਧੀ ਕਰਦਿਆਂ ਮਾਫ਼ੀ ਮੰਗਵਾ ਦਿਤੀ। ਅਰੋੜਾ ਵੰਸ਼ ਟਰੱਸਟ ਦੇ ਆਗੂਆਂ ਨੇ ਇਸ ਮਾਮਲੇ ਦੀ ਪੈਰਵੀ ਕਰ ਰਹੇ ਤਜਿੰਦਰਪਾਲ ਸਿੰਘ ਟਿਮਾ ਨੂੰ ਦਸਿਆ ਕਿ ਪੋਸਟ ਪਾਉਣ ਵਾਲਾ ਨਸ਼ੇ ਦੀ ਹਾਲਤ ਵਿਚ ਇਹ ਹਰਕਤ ਕਰ ਬੈਠਾ ਹੈ। ਇਸ ਲਈ ਮਾਮਲੇ ਨੂੰ ਇਥੇ ਹੀ ਸ਼ਾਂਤ ਕਰ ਦਿਤਾ ਜਾਵੇ। ਪੁਲਿਸ ਨੇ ਭਵਿੱਖ ਵਿਚ ਅਜਿਹਾ ਨਾ ਹੋਵੇ ਇਸ ਲਈ ਇਸ ਨੌਜਵਾਨ ਦੀ ਮਾਫ਼ੀ ਵਾਲੀ ਵੀਡੀਉ ਫ਼ੇਸਬੁਕ 'ਤੇ ਅਪਲੋਡ ਕਰਨ ਲਈ ਸੁਝਾਅ ਦਿਤਾ ਜਿਸ 'ਤੇ ਟਿਮਾ ਸਮੇਤ ਬਾਕੀ ਲੋਕਾਂ ਨੇ ਇਹ ਕਹਿ ਕੇ ਰੋਕ ਦਿਤਾ ਕਿ ਇਸ ਨਾਲ ਉਕਤ ਨੂੰ ਸਮਾਜ ਵਿਚ ਸ਼ਰਮਸਾਰ ਹੋਣਾ ਪਵੇਗਾ। ਉਨਾਂ ਕਿਹਾ ਕਿ ਇਹ ਨੌਜਵਾਨ ਅਪਣੀ ਪੋਸਟ ਹਟਾ ਲਾਵੇ ਤੇ ਆਪ ਹੀ ਮਾਫ਼ੀ ਮੰਗੇ।