ਮੌੜ ਬੰਬ ਕਾਂਡ ਦੀ ਸੀ.ਬੀ.ਆਈ. ਜਾਂਚ ਲਈ ਹਾਈ ਕੋਰਟ ਦਾ ਲਵਾਂਗਾ ਸਹਾਰਾ: ਗੋਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੰਬ ਕਾਂਡ ਪੀੜਤ ਪਰਵਾਰਾਂ ਲਈ 50 ਲੱਖ ਰੁਪਏ ਤੇ ਸਰਕਾਰੀ ਨੌਕਰੀ ਮੰਗੀ

Bhupinder Gora

ਫ਼ਰਵਰੀ 2001 ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਮੌੜ ਮੰਡੀ ਵਿਖੇ ਹੋਏ ਬੰਬ ਬਲਾਸਟ ਕਾਂਡ ਦੀ ਨਿਰਪੱਖ ਜਾਂਚ ਲਈ ਹੁਣ ਮਾਨਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦਾ ਸਹਾਰਾ ਲਵਾਂਗਾ ਤਾਕਿ ਉਕਤ ਕਾਂਡ ਦੀ ਸੱਚਾਈ ਲੋਕਾਂ ਸਾਹਮਣੇ ਆ ਸਕੇ। ਉਕਤ ਵਿਚਾਰਾਂ ਦਾ ਪ੍ਰਗਟਾਵਾ 'ਆਪ' ਦੇ ਸੀਨ:ਆਗੂ ਭੁਪਿੰਦਰ ਸਿੰਘ ਗੋਰਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਤਲਵੰਡੀ ਸਾਬੋ ਵਿਖੇ 'ਆਪ' ਦੀ ਮੀਟਿੰਗ ਵਿਚ ਸ਼ਮੂਲੀਅਤ ਕਰਨ ਪੁੱਜੇ ਗੋਰਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੋਸ਼ ਲਾਇਆ ਕਿ ਮੌੜ ਬੰਬ ਬਲਾਸਟ ਪੂਰੇ ਵਿਉਂਤਬੱਧ ਤਰੀਕੇ ਨਾਲ ਹੋਇਆ ਜਿਸ ਵਿਚ ਕਈ ਘਰਾਂ ਦੇ ਚਿਰਾਗ ਹਮੇਸ਼ਾ ਲਈ ਬੁੱਝ ਗਏ।ਉਨ੍ਹਾਂ ਕਿਹਾ ਕਿ ਬੰਬ ਬਲਾਸਟ ਦੀ ਜਾਂਚ ਟੀਮ ਨੇ ਜਾਂਚ ਦੌਰਾਨ ਉਕਤ ਬਲਾਸਟ ਦੀਆਂ ਤਾਰਾਂ ਹਰਿਆਣੇ ਦੇ ਇਕ ਨਾਮੀ ਡੇਰੇ ਨਾਲ ਜੁੜਨ ਸਬੰਧੀ ਅਸਿੱਧੇ ਸੰਕੇਤ ਦਿਤੇ ਸਨ ਪਰ ਉਸ ਤੋਂ ਬਾਅਦ ਪਤਾ ਨਹੀਂ ਕਿਉਂ ਉਕਤ ਜਾਂਚ ਕੱਛੂ ਦੀ ਚਾਲ ਚੱਲ ਰਹੀ ਹੈ।

ਉਨ੍ਹਾਂ ਕਿਹਾ ਕਿ ਇਸੇ ਲਈ ਉਕਤ ਪੂਰੇ ਮਾਮਲੇ ਦੀ ਜਾਂਚ ਸੀ.ਬੀ.ਆਈ. ਕੋਲੋਂ ਕਰਵਾਉਣ ਲਈ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਉਨ੍ਹਾਂ ਕਿਹਾ ਕਿ ਉਹ ਅਦਾਲਤ ਵਿਚ ਰਿੱਟ ਪਾ ਕੇ ਇਹ ਵੀ ਮੰਗ ਕਰਨਗੇ ਕਿ ਬੰਬ ਬਲਾਸਟ ਦੇ ਪੀੜਤ ਪਰਵਾਰਾਂ ਨੂੰ 50-50 ਲੱਖ ਰੁਪਏ ਮੁਆਵਜ਼ਾ ਅਤੇ ਹਰੇਕ ਦੇ ਇਕ ਪਰਵਾਰਕ ਜੀਅ ਨੂੰ ਸਰਕਾਰੀ ਨੌਕਰੀ ਦਿਤੀ ਜਾਵੇ। ਪਿਛਲੇ ਸਮੇਂ ਵਿਚ ਪੁਲਿਸ ਨੇ ਬੰਬ ਕਾਂਡ ਨੂੰ ਲੈ ਕੇ ਜੋ ਤਿੰਨ ਗਵਾਹ ਤਲਵੰਡੀ ਸਾਬੋ ਅਦਾਲਤ ਵਿਚ ਪੇਸ਼ ਕੀਤੇ ਸਨ ਉਨ੍ਹਾਂ ਵਲੋਂ ਜਿਨ੍ਹਾਂ ਵਿਅਕਤੀਆਂ ਦੇ ਬੰਬ ਕਾਂਡ ਵਿਚ ਸ਼ਾਮਲ ਹੋਣ ਸਬੰਧੀ ਜਾਣਕਾਰੀ ਮੁਹਈਆ ਕਰਵਾਈ ਹੈ ਉਨ੍ਹਾਂ ਵਿਰੁਧ ਧਾਰਾ 302 ਅਧੀਨ ਮਾਮਲੇ ਦਰਜ ਕੀਤੇ ਜਾਣ।