ਲੁੱਟਾਂ-ਖੋਹਾਂ ਕਰਨ ਵਾਲਾ ਯੋਧਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੀਜੇ, ਸਕੇ ਭਰਾ ਅਤੇ ਇਕ ਹੋਰ ਸਾਥੀ ਨਾਲ ਦਿੰਦਾ ਸੀ ਵਾਰਦਾਤਾਂ ਨੂੰ ਅੰਜਾਮ

police giving information

ਸ਼ਹਿਰ 'ਚ ਪਿਸਤੌਲ ਦੀ ਨੋਕ 'ਤੇ ਲੁੱਟ ਦੀਆਂ ਕਈਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਤੇ ਪੁਲਿਸ ਦੀ ਹਿਰਾਸਤ ਤੋਂ ਫ਼ਰਾਰ ਹੋਏ ਯੋਧਾ ਅਤੇ ਉਸ ਦੇ ਸਾਥੀਆਂ ਨੂੰ ਅਪਰਾਧ ਸ਼ਾਖ਼ਾ ਨੇ ਮੁੜ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਵੀ ਅਪਰਾਧ ਸ਼ਾਖਾ ਨੇ ਯੋਧਾ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਉਹ ਕੁੱਝ ਸਮੇਂ ਬਾਅਦ ਪੁਲਿਸ ਹਿਰਾਸਤ ਦੌਰਾਨ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ ਸੀ। ਯੋਧਾ ਨੂੰ ਉਸ ਦੇ ਭਰਾ, ਜੀਜੇ ਅਤੇ ਹੋਰ ਸਾਥੀ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਯੋਧਾ ਸਿੰਘ, ਗੁਲਾਬ ਸਿੰਘ, ਅਮਰੀਕ ਸਿੰਘ ਅਤੇ ਦਵਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਯੋਧਾ ਸਿੰਘ ਅਤੇ ਗੁਲਾਬ ਸਿੰਘ ਦੋਵੇਂ ਭਰਾ ਹਨ ਅਤੇ ਅਮਰੀਕ ਸਿੰਘ ਉਨ੍ਹਾਂ ਦਾ ਜੀਜਾ ਹੈ। ਪੁਲਿਸ ਮੁਤਾਬਕ ਗਰੋਹ ਦੇ ਮੈਂਬਰ ਸਮੈਕ ਦਾ ਨਸ਼ਾ ਕਰਦੇ ਹਨ ਅਤੇ ਨਸ਼ੇ ਦੀ ਪੁਰਤੀ ਕਰਨ ਲਈ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਐਸ.ਪੀ. ਅਪਰਾਧ ਸ਼ਾਖਾ ਰਵੀ ਕੁਮਾਰ ਨੇ ਦਸਿਆ ਕਿ ਯੋਧਾ ਨੂੰ ਪਿਛਲੀ ਵਾਰੀ 6 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਹ 6 ਫ਼ਰਵਰੀ ਨੂੰ ਫ਼ਰੀਦਕੋਟ ਪੇਸ਼ੀ ਦੌਰਾਨ ਖੰਨਾ ਨੇੜੇ ਪੁਲਿਸ ਹਿਰਾਸਤ ਤੋਂ ਫ਼ਰਾਰ ਹੋ ਗਿਆ ਸੀ। ਇਸ ਮਗਰੋਂ ਯੋਧਾ ਨੇ ਅਪਣੇ ਗਰੋਹ ਨਾਲ ਚੰਡੀਗੜ੍ਹ ਵਿਚ ਕਈ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ ਸੀ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਯੋਧਾ ਅਪਣੇ ਗਰੋਹ ਨਾਲ ਚੰਡੀਗੜ੍ਹ ਆ ਰਿਹਾ ਹੈ। ਪੁਲਿਸ ਨੇ ਮਲੋਆ ਨੇੜੇ ਇਕ ਨਾਕਾ ਲਗਾ ਕੇ ਲੁੱਟੀ ਹੋਈ ਆਈ-20 ਕਾਰ ਸਣੇ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। 

ਐਸ.ਪੀ. ਰਵੀ ਕੁਮਾਰ ਨੇ ਦਸਿਆ ਕਿ ਮੁਲਜ਼ਮਾਂ ਦਾ ਅਪਰਾਧਕ ਪਿਛੋਕੜ ਹੈ। ਯੋਧਾ ਨੂੰ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ 10 ਸਾਲ ਦੀ ਕੈਦ ਹੋ ਚੁਕੀ ਹੈ। ਇਸ ਤੋਂ ਇਲਾਵਾ ਉਸ ਦੇ ਜੀਜੇ ਨੂੰ ਵੀ ਸਜ਼ਾ ਸੁਣਾਈ ਗਈ ਸੀ ਪਰ ਉਸ ਦਾ ਜੀਜਾ ਅਮਰੀਕ ਵੀ ਪੰਜਾਬ ਪੁਲਿਸ ਦੀ ਹਿਰਾਸਤ ਤੋਂ ਫ਼ਰਾਰ ਹੋ ਚੁਕਾ ਹੈ। ਪੁਲਿਸ ਨੇ ਦਸਿਆ ਕਿ ਗਰੋਹ ਦੇ ਮੈਂਬਰ ਰਾਤ ਸਮੇਂ ਲੋਕਾਂ ਨੂੰ ਪਿਸਤੌਲ ਦੀ ਨੋਕ 'ਤੇ ਲੁੱਟਦੇ ਸਨ। ਪੁਲਿਸ ਮੁਤਾਬਕ ਗਰੋਹ ਦੇ ਮੈਂਬਰਾਂ ਕੋਲ ਜਦ ਨਸ਼ਾ ਕਰਨ ਲਈ ਪੈਸੇ ਖਤਮ ਹੋ ਜਾਂਦੇ ਸਨ ਤਾਂ ਉਹ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਸਨ।13 ਮਾਰਚ ਦੀ ਰਾਤ ਸਵਿਫ਼ਟ ਕਾਰ ਵਿਚ ਸਵਾਰ ਤਿੰਨ ਨੌਜਵਾਨਾਂ ਨੇ ਮੋਹਾਲੀ ਵਾਸੀ ਜਤਿੰਦਰ ਨੂੰ ਪਿਸਤੌਲ ਦੀ ਨੋਕ ਤੇ ਅਗ਼ਵਾ ਕਰ  ਕੇ ਉਸ ਦੇ ਏ.ਟੀ.ਐਮ. 'ਚੋਂ 20 ਹਜ਼ਾਰ ਰੁਪਏ ਕਢਵਾ ਲਏ ਸਨ। ਨੌਜਵਾਨ ਜਤਿੰਦਰ ਨੂੰ ਸੈਕਟਰ-43 ਦੇ ਬੱਸ ਅੱਡੇ 'ਤੇ ਛੱਡ ਕੇ ਫ਼ਰਾਰ ਹੋ ਗਏ ਸਨ। 27 ਫ਼ਰਵਰੀ ਦੀ ਰਾਤ ਸੈਕਟਰ-26 ਦੇ ਰੈਸਟੋਰੈਂਟ ਵਿਚ ਕੰਮ ਕਰਨ ਵਾਲੇ ਮੈਨੇਜਰ ਨੂੰ ਮੁਲਜ਼ਮਾਂ ਨੇ ਪਿਸਤੌਲ ਦੀ ਨੋਕ 'ਤੇ ਰੋਕ ਕੇ ਉਸ ਨੂੰ ਅਗ਼ਵਾ ਕਰ ਲਿਆ ਸੀ ਉਸ ਕੋਲੋਂ 10700 ਰੁਪਏ ਲੁੱਟ ਲਏ ਸਨ। ਇਸੇ ਤਰ੍ਹਾਂ ਦੇ ਦੋ ਮਾਮਲੇ ਪੁਲਿਸ ਥਾਣਾ ਸੈਕਟਰ-39 ਅਤੇ ਸੈਕਟਰ-36 ਥਾਣੇ ਵਿਚ ਵੀ ਗਰੋਹ ਵਿਰੁਧ ਦਰਜ ਕੀਤੇ ਗਏ ਸਨ। ਪੁਲਿਸ ਕਾਫ਼ੀ ਦੇਰ ਤੋਂ ਯੋਧਾ ਦੀ ਭਾਲ ਕਰ ਰਹੀ ਸੀ।