ਟਰੱਕ ਯੂਨੀਅਨ ਮੋਗਾ ’ਚ ‘ਆਪ’ ਦਾ ਹਾਲੇ ਕੋਈ ਨਿਰਦੇਸ਼ ਨਹੀਂ : ਡਾ. ਅਰੋੜਾ

ਏਜੰਸੀ

ਖ਼ਬਰਾਂ, ਪੰਜਾਬ

ਟਰੱਕ ਯੂਨੀਅਨ ਮੋਗਾ ’ਚ ‘ਆਪ’ ਦਾ ਹਾਲੇ ਕੋਈ ਨਿਰਦੇਸ਼ ਨਹੀਂ : ਡਾ. ਅਰੋੜਾ

image

ਮੋਗਾ, 5 ਅਪ੍ਰੈਲ (ਦਲੀਪ ਕੁਮਾਰ) : ਟਰੱਕ ਯੂਨੀਅਨ ’ਚ ਹੋਈ ਬਹਿਸਬਾਜ਼ੀ ਨੂੰ ਲੈ ਕੇ ‘ਆਪ’ ਦੇ ਹਲਕਾ ਮੋਗਾ ਤੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਸਾਡੀ ਸਰਕਾਰ ਵਲੋਂ ਟਰੱਕ ਯੂਨੀਅਨ ਦੇ ਪ੍ਰਬੰਧਾਂ ’ਚ ਅਜੇ ਤਕ ਕੋਈ ਦਖ਼ਲਅੰਦਾਜ਼ੀ ਨਹੀਂ ਕੀਤੀ ਗਈ ਪਰ ਕੁੱਝ ਵਿਅਕਤੀ ਉਨ੍ਹਾਂ ਕੋਲ ਟਰੱਕ ਯੂਨੀਅਨ ਮੋਗਾ ਦਾ ਮਾਮਲਾ ਲੈ ਕੇ ਆਏ ਸਨ ਜਿਸ ’ਤੇ ਉਨ੍ਹਾਂ ਨੂੰ ਕੱੁਝ ਸਮਾਂ ਰੁਕਣ ਲਈ ਕਿਹਾ ਗਿਆ ਹੈ। ਵਿਧਾਇਕ ਡਾ. ਅਰੋੜਾ ਨੇ ਕਿਹਾ ਕਿ ਟਰੱਕ ਯੂਨੀਅਨ ਬਾਰੇ ਅਜੇ ਪੰਜਾਬ ਸਰਕਾਰ ਵਲੋਂ ਕਿਤੇ ਵੀ ਕੋਈ ਨਿਰਦੇਸ਼ ਨਹੀਂ ਦਿਤੇ ਗਏ ਹਨ। 
ਵਿਧਾਇਕਾਂ ਅਮਨਦੀਪ ਕੌਰ ਅਰੋੜਾ ਅਤੇ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਦੀਦਾਰੇਵਾਲਾ ਨੇ ਪਾਰਟੀ ਦੇ ਅਹੁਦੇਦਾਰਾਂ ਸਮੇਤ ਅਵਤਾਰ ਬੰਟੀ ਨਾਲ ਮੀਟਿੰਗ ਕੀਤੀ ਅਤੇ ਉਸ ਨੂੰ ਸਮਝਾਉਂਦਿਆਂ ਕਿਹਾ ਕਿ ਵਾਰ ਵਾਰ ਮਨਾ ਕਰਨ ਦੇ ਬਾਵਜੂਦ ਟਰੱਕ ਯੂਨੀਅਨ ਦੇ ਕੰਮਾਂ ’ਚ ਕਿਉਂ ਦਖ਼ਲ ਦਿਤਾ ਗਿਆ, ਉਨ੍ਹਾਂ ਨੇ ਗ਼ਲਤੀ ਮੰਨਣ ਨੂੰ ਕਿਹਾ ਤਾਂ ਉਸ  ਨੇ ਇਸ ਤੋਂ ਇਨਕਾਰ ਕਰ ਦਿਤਾ। ਇਸ ਉਪਰੰਤ ਵਿਧਾਇਕਾ ਡਾ. ਅਰੋੜਾ, ਪ੍ਰਧਾਨ ਹਰਮਨਜੀਤ ਸਿੰਘ ਦੀਦਾਰੇਵਾਲਾ ਅਤੇ ਸਮੂਹ ਅਹੁਦੇਦਾਰਾਂ ਨੇ ਸਹਿਮਤੀ ਨਾਲ ਅਵਤਾਰ ਬੰਟੀ ਨੂੰ ਪਾਰਟੀ ਤੋਂ ਬਾਹਰ ਕਰਨ ਦਾ ਫ਼ੈਸਲਾ ਲਿਆ ਗਿਆ। 
ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਜ਼ਿਲ੍ਹਾ ਪ੍ਰਧਾਨ ਮੋਗਾ ਨੇ ਦਸਿਆ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਟਰੱਕ ਯੂਨੀਅਨ ਦਾ ਮੁੱਦਾ ਉਠਦਾ ਰਿਹਾ। ਅਵਤਾਰ ਬੰਟੀ ਵਾਰ-ਵਾਰ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਮੇਰੇ ਕੋਲ ਆਉਂਦੇ ਰਹੇ ਮੈਂ ਇਸ ਬਾਰੇ ਉਨ੍ਹਾਂ ਨੂੰ ਵਾਰ-ਵਾਰ ਸਮਝਾਇਆ ਕਿ ਪਾਰਟੀ ਦਾ ਹਾਲੇ ਤਕ ਇਸ ’ਤੇ ਕੋਈ ਨਿਰਦੇਸ਼ ਨਹੀਂ ਹੈ। ਮੇਰੇ ਰੋਕਣ ਦੇ ਬਾਵਜੂਦ ਅਵਤਾਰ ਬੰਟੀ ਪਾਰਟੀ ਨਿਰਦੇਸ਼ ਤੋਂ ਬਾਹਰ ਹੋ ਕੇ ਅਪਣੀ ਮਨਮਰਜ਼ੀ ਕਰ ਰਿਹਾ ਹੈ। ਇਸ ਲਈ ਪਾਰਟੀ ਦਾ ਅਵਤਾਰ ਬੰਟੀ ਅਤੇ ਉਸ ਦੁਆਰਾ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨਾਲ ਕੋਈ ਸਬੰਧ ਨਹੀਂ। ਪਾਰਟੀ ਦੇ ਨਿਰਦੇਸ਼ ਦੀ ਪਾਲਣਾ ਨਾ ਕਰਨ ਤੇ ਅਵਤਾਰ ਬੰਟੀ ਨੂੰ ਪਾਰਟੀ ਤੋਂ ਬਾਹਰ ਕੀਤਾ ਜਾਂਦਾ ਹੈ। ਇਸ ਵਿਅਕਤੀ ਨਾਲ ਪਾਰਟੀ ਦਾ ਕੋਈ ਸਬੰਧ ਨਹੀਂ ਹੈ। 
ਇਸ ਸਮੇਂ ਆਪ ਆਗੂ ਬਲਜੀਤ ਚਾਨੀ, ਸਰਵਜੀਤ ਕੌਰ ਰੋਡੇ, ਅਨਿਲ ਸ਼ਰਮਾ, ਜਗਸੀਰ ਹੁੰਦਲ, ਪਿਆਰਾ ਸਿੰਘ, ਨਰੇਸ਼ ਚਾਵਲਾ, ਅਮਨ ਰਖਰਾ, ਤੇਜਿੰਦਰ ਬਰਾੜ, ਸੋਨੀਆ ਢੰਡ, ਜਗਸੀਰ ਸ਼ਰਮਾ, ਅਮਿਤ ਪੁਰੀ, ਹਰਜਿੰਦਰ ਰੋਡੇ, ਸੁਰਿੰਦਰ ਕਟਾਰੀਆ, ਮਿਲਾਪ ਸਿੰਘ ਅਤੇ ਹੋਰ ਆਪ ਆਗੂ ਹਾਜ਼ਰ ਸਨ।
ਫੋਟੋ 5 ਮੋਗਾ 13