ਐਂਟੀ ਗੈਂਗਸਟਰ ਟਾਸਕ ਫੋਰਸ ਮਤਲਬ ਨਵੀਂ ਬੋਤਲ 'ਚ ਪੁਰਾਣੀ ਸ਼ਰਾਬ - ਪਰਗਟ ਸਿੰਘ 

ਏਜੰਸੀ

ਖ਼ਬਰਾਂ, ਪੰਜਾਬ

ਕਿਹਾ- ਅਪਰਾਧਿਕ ਗਤੀਵਿਧੀਆਂ ਵਿਰੁੱਧ ਲੜਨ ਲਈ ਨਵੀਂ ਟਾਸਕ ਫੋਰਸ ਨਹੀਂ ਸਗੋਂ ਸਿਆਸੀ ਇੱਛਾ ਸ਼ਕਤੀ ਦੀ ਲੋੜ 

Former Cabinet Minister Pargat Singh

ਚੰਡੀਗੜ੍ਹ : ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਵਲੋਂ ਗੈਂਗਸਟਰ ਵਿਰੋਧੀ ਟਾਸਕ ਫੋਰਸ ਬਣਾਉਣ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਸਾਬਕਾ ਕਾਂਗਰਸੀ ਮੰਤਰੀ ਪਰਗਟ ਸਿੰਘ ਨੇ ਇਸ ਨੂੰ ਨਵੀਂ ਬੋਤਲ 'ਚ ਪੁਰਾਣੀ ਸ਼ਰਾਬ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਹਿਲਾਂ ਹੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓ.ਸੀ.ਸੀ.ਯੂ.) ਹੈ।

ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਹੀ ਬਣਾਇਆ ਗਿਆ ਸੀ। ਪਰਗਟ ਨੇ ਕਿਹਾ ਕਿ ਸਾਡੇ ਕੋਲ ਪਹਿਲਾਂ ਹੀ ਟੀਮ ਹੈ, ਸਿਆਸੀ ਇੱਛਾ ਸ਼ਕਤੀ ਦੀ ਲੋੜ ਹੈ। ਉਨ੍ਹਾਂ ਨੇ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਹੈ ਕਿ ਕੀ ਇਹ ਇੱਛਾ ਸ਼ਕਤੀ ਆਮ ਆਦਮੀ ਪਾਰਟੀ ਨਾਲ ਹੈ? ਪਰਗਟ ਸਿੰਘ ਨੇ ਸਰਕਾਰ ਦੇ ਨਵੇਂ ਫ਼ੈਸਲੇ 'ਤੇ ਸਵਾਲ ਚੁਕਦਿਆਂ ਕਿਹਾ ਕਿ ਅਪਰਾਧ ਵਿਰੁੱਧ ਲੜਨ ਲਈ ਪੰਜਾਬ ਕੋਲ ਇੱਕ STF ਹੈ ਜਿਸਦਾ ਨਾਮ 2017 ਵਿਚ OCCU (ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ) ਰੱਖਿਆ ਗਿਆ ਹੈ। ਸਾਡੇ ਕੋਲ ਟੀਮਾਂ ਹਨ ਪਰ ਸਾਨੂੰ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਹੈ ਸਿਆਸੀ ਇੱਛਾ ਸ਼ਕਤੀ। ਕੀ ਆਮ ਆਦਮੀ ਪਾਰਟੀ ਕੋਲ ਇਹ ਹੈ? 

ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਪੰਜਾਬ ਪੁਲਿਸ ਨੇ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਭਾਵ ਓਕੂ ਦਾ ਗਠਨ ਕੀਤਾ ਸੀ। ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਬਣਾਈ ਗਈ ਇਸ ਯੂਨਿਟ ਨੇ ਏ ਅਤੇ ਬੀ ਸ਼੍ਰੇਣੀ ਦੇ ਕਰੀਬ 20 ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਸੀ।

ਇਸ ਤੋਂ ਇਲਾਵਾ ਪਛਾਣੇ ਗਏ 500 ਗੈਂਗਸਟਰਾਂ ਵਿੱਚੋਂ 300 ਨੂੰ ਓਕੂ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਗੈਂਗਸਟਰ 70 ਗੈਂਗ ਨਾਲ ਜੁੜੇ ਹੋਏ ਸਨ। ਬਠਿੰਡਾ ਜੇਲ੍ਹ ਵਿੱਚ ਅਜਿਹੇ ਗੈਂਗਸਟਰਾਂ ਲਈ ਵਿਸ਼ੇਸ਼ ਸੈੱਲ ਵੀ ਬਣਾਇਆ ਗਿਆ ਸੀ। ਇਸ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਦੀ ਅਗਵਾਈ ਕਰ ਰਹੇ ਸਨ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ (AGTF) ​​ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਹਾਲੀਆ ਘਟਨਾਵਾਂ ਤੋਂ ਬਾਅਦ ਲਿਆ ਗਿਆ ਹੈ ਜਿਸ ਵਿੱਚ ਟੂਰਨਾਮੈਂਟ ਦੌਰਾਨ ਇੱਕ ਕਬੱਡੀ ਖਿਡਾਰੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਜਾਂਚ 'ਚ ਸਾਹਮਣੇ ਆਇਆ ਕਿ ਵਿਦੇਸ਼ ਬੈਠੇ ਗੈਂਗਸਟਰ ਨੇ ਗੱਲ ਨਾ ਮੰਨਣ 'ਤੇ ਸ਼ਾਰਪ ਸ਼ੂਟਰਾਂ ਰਾਹੀਂ ਉਸ ਦਾ ਕਤਲ ਕੀਤਾ ਸੀ।

ਇਸ ਤੋਂ ਬਾਅਦ ਪੰਜਾਬੀ ਗਾਇਕ ਮਨਕੀਰਤ ਔਲਖ ਸਮੇਤ ਕੁਝ ਹੋਰ ਪੰਜਾਬੀ ਗਾਇਕਾਂ ਨੂੰ ਧਮਕੀਆਂ ਮਿਲੀਆਂ ਹਨ। ਸੰਭਾਵਨਾ ਜਤਾਈ ਗਈ ਸੀ ਕਿ ਗਾਇਕਾਂ ਨੂੰ ਜੇਲ੍ਹ ਵਿੱਚ ਬੈਠੇ ਗੈਂਗਸਟਰਾਂ ਜਾਂ ਬਾਹਰ ਘੁੰਮਦੇ ਗੈਂਗਸਟਰਾਂ ਤੋਂ ਡਰਾਇਆ ਗਿਆ ਸੀ। ਜਦੋਂ ਉਸ ਨੇ ਸੁਰੱਖਿਆ ਲਈ ਪੁਲੀਸ ਕੋਲ ਪਹੁੰਚ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆਇਆ।