ਦੇਸ਼-ਵਿਦੇਸ਼ ’ਚ ਸਿੱਖਾਂ ’ਤੇ ਹੋ ਰਹੇ ਨਸਲੀ ਹਮਲੇ ਵੱਡੀ ਚਿੰਤਾ ਦਾ ਵਿਸ਼ਾ : ਜਥੇਦਾਰ

ਏਜੰਸੀ

ਖ਼ਬਰਾਂ, ਪੰਜਾਬ

ਦੇਸ਼-ਵਿਦੇਸ਼ ’ਚ ਸਿੱਖਾਂ ’ਤੇ ਹੋ ਰਹੇ ਨਸਲੀ ਹਮਲੇ ਵੱਡੀ ਚਿੰਤਾ ਦਾ ਵਿਸ਼ਾ : ਜਥੇਦਾਰ

image

ਬਠਿੰਡਾ 5 ਅਪ੍ਰੈਲ (ਪਰਵਿੰਦਰ ਜੀਤ ਸਿੰਘ) : ਦੇਸ਼ ਵਿਦੇਸ਼ ਵਿਚ ਸਿੱਖਾਂ ’ਤੇ ਹੋ ਰਹੇ ਨਸਲੀ ਹਮਲਿਆਂ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ  ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਜਿਥੇ ਵਿਦੇਸ਼ੀ ਸਿੱਖਾਂ ਨੂੰ ਸਿੱਖਾਂ ਦੀ ਪਛਾਣ  ਬਾਰੇ ਜਾਗਰੂਕਤਾ ਪ੍ਰੋਗਰਾਮ ਉਲੀਕਣ ਸਬੰਧੀ ਕਿਹਾ ਉਥੇ ਦੇਸ਼ ਅੰਦਰ ਅਜਿਹੀਆਂ ਘਟਨਾਵਾਂ ਵਾਪਰਨ ਪਿੱਛੇ ਉਨ੍ਹਾਂ ਕਿਸੇ ਵੱਡੀ ਸਾਜ਼ਸ਼ ਦਾ ਅੰਦੇਸ਼ਾ ਪ੍ਰਗਟਾਇਆ 
ਅੱਜ ਤਲਵੰਡੀ ਸਾਬੋ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਵਿਖੇ ਇਕ ਸਿੱਖ ਨੌਜਵਾਨ ਨੂੰ ਕਿ੍ਰਪਾਨ ਪਾ ਕੇ ਮੈਟਰੋ ਵਿਚ ਸਫ਼ਰ ਕਰਨ ਤੋਂ ਰੋਕਣ ਬਾਰੇ ਕਿਹਾ ਕਿ ਭਾਰਤ ਵਿਚ ਇਕ ਸਾਜ਼ਸ਼ ਅਧੀਨ ਸਿੱਖਾਂ ’ਤੇ ਨਸਲੀ ਹਮਲੇ ਕੀਤੇ ਜਾ ਰਹੇ ਹਨ ਕਿਉਂਕਿ ਭਾਰਤ ਅੰਦਰ  ਸਿੱਖਾਂ ਦੀ ਪਛਾਣ ਦਾ ਕੋਈ ਮੁੱਦਾ ਹੀ ਨਹੀਂ ਬਾਵਜੂਦ ਇਸ ਦੇ ਸਿੱਖਾਂ ਦੇ ਧਾਰਮਕ ਕਕਾਰਾਂ ਨੂੰ ਮੁੱਦਾ ਬਣਾ ਕੇ ਪ੍ਰੇਸ਼ਾਨ ਕਰਨਾ ਇਹ ਦਰਸਾਉਂਦਾ ਹੈ ਕਿ ਇਸ ਪਿੱਛੇ ਜ਼ਰੂਰ ਕੋਈ ਡੂੰਘੀ ਚਾਲ ਹੈ। 
ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਸਿੱਖ ਪਹਿਚਾਣ ਇਕ ਮਸਲਾ ਜ਼ਰੂਰ ਹੈ ਜਿਸ ਨੂੰ ਕਿ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਬੀਤੇ ਦਿਨੀਂ ਨਿਊਯਾਰਕ ਵਿਖੇ ਇਕ ਸਿੱਖ ਬਜ਼ੁਰਗ ’ਤੇ ਹੋਏ ਨਸਲੀ ਹਮਲੇ ਦੀ ਨਿਖੇਧੀ ਕਰਦਿਆਂ ਵਿਦੇਸ਼ਾਂ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੂੰ ਇਸ ਘਟਨਾ ਵਿਰੁਧ ਆਵਾਜ਼ ਚੁਕਣ ਦੇ ਨਾਲ-ਨਾਲ ਸਿੱਖ ਪਹਿਚਾਣ ਨੂੰ ਉਭਾਰਨ ਲਈ ਵਿਸ਼ੇਸ਼ ਯਤਨ ਆਰੰਭਣ ਦੀ ਵੀ ਅਪੀਲ ਕੀਤੀ ਤਾਂ ਜੋ ਅੱਗੇ ਤੋਂ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਰੋਕੀਆਂ ਜਾ ਸਕਣ। 
ਇਸ ਮੌਕੇ ਜਥੇਦਾਰ ਨਾਲ ਭਾਈ ਜਗਸੀਰ ਸਿੰਘ ਮਾਂਗੇਆਣਾ ਮੈਂਬਰ ਸ੍ਰੋਮਣੀ ਕਮੇਟੀ, ਭਾਈ ਈਸਰ ਸਿੰਘ ਹੈਦਰਾਬਾਦ ਵਾਲੇ, ਭਾਈ ਗਿਆਨ ਸਿੰਘ ਬੁੰਗਾ ਮਸਤੂਆਣਾ ਆਦਿ ਧਾਰਮਕ ਆਗੂ ਮੌਜੂਦ ਸਨ।