ਮਸ਼ਹੂਰ ਕਲਾਕਾਰ ਗੁਰਚੇਤ ਚਿੱਤਰਕਾਰ ਦੇ ਸਹੁਰੇ ਦਾ ਕਤਲ 

ਏਜੰਸੀ

ਖ਼ਬਰਾਂ, ਪੰਜਾਬ

ਨੌਕਰ ਨੇ ਕੁਹਾੜੀ ਨਾਲ ਵਾਰ ਕਰਕੇ ਉਤਾਰਿਆ ਮੌਤ ਦੇ ਘਾਟ

Murder

ਚੰਡੀਗੜ੍ਹ : ਸੰਗਰੂਰ ਵਿੱਚ ਅੱਜ ਇੱਕ ਬਹੁਤ ਹੀ ਘਿਣਾਉਣੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਮਸ਼ਹੂਰ ਪੰਜਾਬੀ ਕਲਾਕਾਰ ਗੁਰਚੇਤ ਚਿੱਤਰਕਾਰ ਦੇ ਸਹੁਰਾ  84 ਸਾਲਾ ਛੱਜਾ ਸਿੰਘ ਦਾ ਸੰਗਰੂਰ ਦੇ ਪ੍ਰੀਤ ਨਗਰ ਇਲਾਕੇ ਵਿੱਚ ਕਤਲ ਕਰ ਦਿਤਾ ਗਿਆ ਹੈ।

ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਛੱਜਾ ਸਿੰਘ ਨੂੰ ਉਨ੍ਹਾਂ ਦੇ ਨੌਕਰ ਨੇ ਹੀ ਕੁਹਾੜੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਹੈ। ਕਤਲ ਕਰਨ ਤੋਂ ਬਾਅਦ ਨੌਕਰ ਮੌਕੇ ਤੋਂ ਫਰਾਰ ਹੋ ਗਿਆ ਹੈ ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਛੱਜਾ ਸਿੰਘ ਆਪਣੇ ਦੋ ਨੌਕਰਾਂ ਨਾਲ ਘਰ ਵਿਚ ਰਹਿੰਦੇ ਸਨ।

ਇਸ ਮੌਕੇ ਤਫਤੀਸ਼ੀ ਅਫਸਰ ਥਾਣਾ ਮੁਖੀ ਜਗਸੀਰ ਸਿੰਘ ਵਲੋਂ ਮਿਲੀ ਜਾਣਕਾਰੀ ਅਨੁਸਾਰ ਛੱਜਾ ਸਿੰਘ ਨੇ ਅਮਰਜੀਤ ਕੌਰ ਨਾਂ ਦੀ ਔਰਤ ਨੂੰ ਆਪਣੇ ਘਰ ਕੰਮ ਕਰਵਾਉਣ ਲਈ ਰੱਖਿਆ ਹੋਇਆ ਸੀ ਅਤੇ ਉਸ ਦਾ ਨੌਕਰ ਸਿਕੰਦਰ ਸਿੰਘ ਉਸ ਔਰਤ 'ਤੇ ਬੁਰੀ ਨਜ਼ਰ ਰੱਖਦਾ ਸੀ। ਜਿਸ ਨੂੰ ਛੱਜਾ ਸਿੰਘ ਰੋਕਦਾ ਰਹਿੰਦਾ ਸੀ।

ਇਸ ਕਾਰਨ ਹੀ ਨੌਕਰ ਸਿਕੰਦਰ ਸਿੰਘ ਛੱਜਾ ਸਿੰਘ ਨਾਲ ਖਾਰ ਖਾਂਦਾ ਸੀ ਅਤੇ ਬੀਤੀ ਰਾਤ ਕੰਧ ਟੱਪ ਕੇ ਘਰ 'ਚ ਦਾਖਲ ਹੋਇਆ ਜਿਥੇ ਛੱਜਾ ਸਿੰਘ ਦੇ ਸਿਰ 'ਤੇ ਕੁਹਾੜੀ ਨਾਲ ਵਾਰ ਕੀਤਾ ਜਿਸ ਕਾਰਨ ਛੱਜਾ ਸਿੰਘ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।