ਕੋਰੋਨਾ ਦੌਰਾਨ ਪਿਛਲੀ ਸਰਕਾਰ ਵਲੋਂ ਖੋਲ੍ਹੀਆਂ 450 ਆਰਜ਼ੀ ਮੰਡੀਆਂ 'ਚ ਵੀ ਕਣਕ ਦੀ ਖ਼ਰੀਦ ਜਾਰੀ ਰਹੇਗੀ : ਕਟਾਰੂਚੱਕ

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾ ਦੌਰਾਨ ਪਿਛਲੀ ਸਰਕਾਰ ਵਲੋਂ ਖੋਲ੍ਹੀਆਂ 450 ਆਰਜ਼ੀ ਮੰਡੀਆਂ 'ਚ ਵੀ ਕਣਕ ਦੀ ਖ਼ਰੀਦ ਜਾਰੀ ਰਹੇਗੀ : ਕਟਾਰੂਚੱਕ

image

 


ਕੁਰਾਲੀ, 5 ਅਪ੍ਰੈਲ (ਸੁਖਜਿੰਦਰਜੀਤ ਸਿੰਘ ਸੋਢੀ): ਪੰਜਾਬ ਦੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹਾੜੀ ਦੀ ਫ਼ਸਲ ਦੀ ਖ਼ਰੀਦ ਲਈ ਸਰਕਾਰ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸੇ ਵੀ ਕਿਸਾਨ ਨੂੰ  ਮੰਡੀਆਂ ਵਿਚ ਰੁਲਣ ਨਹੀਂ ਦਿਤਾ ਜਾਵੇਗਾ | ਇਹ ਵਿਚਾਰ ਲਾਲ ਚੰਦ ਕਟਾਰੂਚੱਕ ਫ਼ੂਡ ਐਂਡ ਸਿਵਲ ਸਪਲਾਈ ਮੰਤਰੀ ਪੰਜਾਬ ਨੇ ਅੱਜ ਇਥੋਂ ਨੇੜਲੇ ਇਤਿਹਾਸਕ ਕਸਬੇ ਖਿਜਰਾਬਾਦ ਦੀ ਅਨਾਜ ਮੰਡੀ ਵਿਖੇ ਕਣਕ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ |
ਉਨ੍ਹਾਂ ਕਿਹਾ ਕਿ ਮੰਡੀਆਂ ਪੱਖੋਂ ਪੰਜਾਬ ਨੂੰ  ਪੂਰੇ ਦੇਸ਼ ਅੰਦਰ ਨਮੂਨੇ ਦਾ ਰਾਜ ਬਣਾਇਆ ਜਾਵੇਗਾ ਅਤੇ ਰਾਜ ਦੀਆਂ ਸਮੁੱਚੀਆਂ 1862 ਮੰਡੀਆਂ ਵਿਚ ਕਿਸਾਨਾਂ ਨੂੰ  ਬਣਦੀ ਹਰ ਸਹੂਲਤ ਦਿਤੀ ਜਾਵੇਗੀ ਅਤੇ ਕੋਰੋਨਾ ਕਾਲ ਦੌਰਾਨ ਪਿਛਲੀ ਸਰਕਾਰ ਵਲੋਂ ਖੋਲ੍ਹੀਆਂ 450 ਦੇ ਕਰੀਬ ਮੰਡੀਆਂ ਵਿਚ ਇਸ ਵਾਰ ਵੀ ਕਣਕ ਦੀ ਖ਼ਰੀਦ ਕੀਤੀ ਜਾਵੇਗੀ | ਇਸ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ  ਵੀ ਨਮੀ ਰਹਿਤ ਫ਼ਸਲ ਮੰਡੀਆਂ ਵਿਚ ਲਿਆਉਣ ਦੀ ਅਪੀਲ ਕੀਤੀ | ਇਸ ਮੌਕੇ ਹਾਜ਼ਰ ਅਨਮੋਲ ਗਗਨ ਮਾਨ ਹਲਕਾ ਵਿਧਾਇਕਾ ਨੇ ਕਿਹਾ ਕਿ ਬਾਹਰਲੇ ਰਾਜਾਂ ਤੋਂ ਪੰਜਾਬ ਵਿਚ ਫ਼ਸਲ ਵੇਚਣ ਲਈ ਪੰਜਾਬ ਆਉਣ ਵਾਲਿਆਂ ਤੇ ਸਖ਼ਤ ਨਜ਼ਰ ਰੱਖੀ ਜਾਵੇਗੀ | ਅੱਜ ਇਸ ਅਨਾਜ ਮੰਡੀ ਵਿਖੇ ਰਾਜਬੀਰ ਸਿੰਘ ਨਾਮਕ ਨੌਜਵਾਨ ਕਿਸਾਨ ਵਲੋਂ 80 ਕੁਇੰਟਲ ਦੇ ਕਰੀਬ ਕਣਕ ਲਿਆਂਦੀ ਗਈ, ਜੋ ਕਿ ਵੇਅਰ ਹਾਊਸ ਵਲੋਂ ਸਰਕਾਰੀ ਕੀਮਤ ਦੇ ਹਿਸਾਬ ਨਾਲ 2015 ਰੁਪਏ ਪ੍ਰਤੀ ਕੁਇੰਟਲ ਖ਼ਰੀਦ ਕੀਤੀ ਗਈ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਿਤ ਤਲਵਾੜ ਡਿਪਟੀ ਕਮਿਸ਼ਨਰ ਮੋਹਾਲੀ, ਅਭਿਕੇਸ਼ ਗਪਤਾ ਐਸ.ਡੀ.ਐਮ ਖਰੜ, ਦੀਪਕ ਭਾਰਦਵਾਜ ਨਾਇਬ ਤਹਿਸੀਲਦਾਰ ਮਾਜਰੀ, ਕਿਰਪਾਲ ਸਿੰਘ ਖਿਜਰਾਬਾਦ ਚੇਅਰਮੈਨ ਮਾਰਕੀਟ ਕਮੇਟੀ ਮਾਜਰੀ, ਗੁਰਿੰਦਰ ਸਿੰਘ ਸਰਪੰਚ ਖਿਜਰਾਬਾਦ ਆਦਿ ਹਾਜ਼ਰ ਸਨ |

ਤਸਵੀਰ ਕੈਪਸ਼ਨ:01: ਖਿਜਰਾਬਾਦ ਅਨਾਜ ਮੰਡੀ ਵਿਖੇ ਕਣਕ ਦੀ ਫ਼ਸਲ ਦੀ ਖ਼ਰੀਦ ਦੀ ਸ਼ੁਰੂਆਤ ਕਰਦੇ ਹੋਏ ਲਾਲ ਚੰਦ ਕਟਾਰੂਚੱਕ, ਅਨਮੋਲ ਗਗਨ ਮਾਨ ਅਤੇ ਹੋਰ |