Punjab News: ਸੀਐੱਮ ਮਾਨ ਦਾ ਅਕਾਲੀ ਦਲ 'ਤੇ ਤੰਜ਼, ''ਮੌਸਮ ਦੇਖ ਕੇ ਪੰਜਾਬ ਨੂੰ ਬਚਾਉਣ ਨਿਕਲਦੇ ਨੇ'' 

ਏਜੰਸੀ

ਖ਼ਬਰਾਂ, ਪੰਜਾਬ

ਇਹ ਉਹ ਲੋਕ ਹਨ ਜੋ ਬਾਹਰ ਦਾ ਤਾਪਮਾਨ ਦੇਖ ਕੇ ਪੰਜਾਬ ਨੂੰ ਬਚਾਉਣ ਲਈ ਨਿਕਲ ਪੈਂਦੇ ਹਨ।

CM Bhagwant Mann

Punjab News: ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਤ ਤੋਂ ਦੋ ਸਾਲ ਬਾਅਦ ਇੱਕ ਵਾਰ ਫਿਰ ਆਪਣੇ ਹੀ ਸੂਬੇ ਦੇ ਵਲੰਟੀਅਰਾਂ ਵਿਚਕਾਰ ਪਹੁੰਚੇ। ਮੁੱਖ ਮੰਤਰੀ ਮਾਨ ਨੇ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਮੀਟਿੰਗਾਂ ਦਾ ਦੌਰ ਤੇਜ਼ ਕਰ ਦਿੱਤਾ ਹੈ। ਪਾਰਟੀ ਦੇ ਸੰਸਦ ਮੈਂਬਰ ਅਤੇ ਐਲਾਨੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਪਾਰਟੀਆਂ ਬਦਲਣ ਤੋਂ ਬਾਅਦ ਸੂਬੇ ਦੇ ਵਲੰਟੀਅਰਾਂ ਵਿਚ ਹਲਚਲ ਮਚ ਗਈ ਸੀ, ਜਿਸ ਤੋਂ ਬਾਅਦ ਹੁਣ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀ ਵਾਗਡੋਰ ਸੰਭਾਲ ਲਈ ਹੈ। 

ਅੱਜ ਜਲੰਧਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਅਤੇ ਉਨ੍ਹਾਂ ਵੱਲੋਂ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ 'ਤੇ ਚੁਟਕੀ ਲਈ। ਸੀਐਮ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ਕੱਢ ਰਹੇ ਹਨ। ਇਕ ਛੱਤ ਵਾਲੀ ਕਾਰ ਸਪੈਸ਼ਲ ਬਣਾਈ ਹੋਈ ਹੈ ਜਿਸ 'ਤੇ ਬੈਠ ਕੇ ਯਾਤਰਾ ਕੱਢ ਰਹੇ ਹਨ। ਇਹ ਉਹ ਲੋਕ ਹਨ ਜੋ ਬਾਹਰ ਦਾ ਤਾਪਮਾਨ ਦੇਖ ਕੇ ਪੰਜਾਬ ਨੂੰ ਬਚਾਉਣ ਲਈ ਨਿਕਲ ਪੈਂਦੇ ਹਨ। 

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਵਾਅਦਾ ਕੀਤਾ ਕਿ ਉਹ ਹਰ ਪਿੰਡ ਵਿਚ ਜਾ ਕੇ ਰੋਡ ਸ਼ੋਅ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਨੂੰ ਦੇਸ਼ ਦਾ ਨੰਬਰ 1 ਸੂਬਾ ਬਣਾਉਣ ਦਾ ਵਾਅਦਾ ਵੀ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਲੰਟੀਅਰਾਂ ਨੂੰ ਇਕੱਠਾ ਕਰਨਾ ਪਵੇਗਾ, ਤਾਂ ਹੀ 13-0 ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਵਲੰਟੀਅਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ ਹੀ ਆਪਣੇ ਵਰਕਰਾਂ ਨੂੰ ਜਾਣਦੀ ਹੈ।

ਇਹ ਉਹ ਪਾਰਟੀ ਹੈ ਜੋ ਸਬਜ਼ੀ ਵੇਚਣ ਵਾਲੇ ਨੂੰ ਵੀ ਚੇਅਰਮੈਨ ਬਣਾਉਂਦੀ ਹੈ। ਉਹਨਾਂ ਦੀ ਨਜ਼ਰ ਹਰ ਕੰਮ ਕਰਨ ਵਾਲੇ ਮਜ਼ਦੂਰ 'ਤੇ ਹੈ। ਮੁੱਖ ਮੰਤਰੀ ਭਗਵੰਤ ਮਾਨ ਨਾਲ ਮੋਗਾ ਪਹੁੰਚੇ ਸੰਦੀਪ ਪਾਠਕ ਨੇ ਵਲੰਟੀਅਰਾਂ ਨੂੰ 7 ਅਪ੍ਰੈਲ ਦਿਨ ਐਤਵਾਰ ਨੂੰ ਖਟਕੜ ਕਲਾਂ ਪਹੁੰਚਣ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਵਲੰਟੀਅਰਾਂ ਨੂੰ ਦੋ ਮਹੀਨੇ ਤੱਕ ਸਾਰੇ ਮਤਭੇਦ ਭੁਲਾ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਜਿੱਤ ਲਈ ਕੰਮ ਕਰਨ ਦਾ ਸੁਝਾਅ ਦਿੱਤਾ ਗਿਆ। 

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਇੱਕੋ ਦਿਨ 2 ਹਲਕਿਆਂ ਦੇ ਵਲੰਟੀਅਰਾਂ ਨੂੰ ਮਿਲ ਰਹੇ ਹਨ। ਅੱਜ ਸ਼ਨੀਵਾਰ ਨੂੰ ਮੋਗਾ ਵਿਖੇ 12 ਵਜੇ ਅਤੇ ਜਲੰਧਰ ਵਿਖੇ 3 ਵਜੇ ਵਲੰਟੀਅਰ ਮੀਟਿੰਗ ਕੀਤੀ ਗਈ। ਮੋਗਾ ਵਿਚ ਮਾਲਵੇ ਨਾਲ ਸਬੰਧਤ ਵਲੰਟੀਅਰਾਂ ਨੇ ਹਿੱਸਾ ਲਿਆ। ਜਦਕਿ ਜਲੰਧਰ ਵਿਚ ਦੁਆਬਾ ਖੇਤਰ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ। ਇਸ ਵਿੱਚ ਪਿੰਡ ਪੱਧਰ ਦੇ ਆਗੂ ਵੀ ਸ਼ਾਮਲ ਹਨ।