Punjab News: ਹਸਪਤਾਲ ਤੋਂ ਚੂਹਿਆਂ ਦੀ ਵੀਡੀਓ ਵਾਇਰਲ, ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪਹੁੰਚਿਆ ਮਾਮਲਾ

ਏਜੰਸੀ

ਖ਼ਬਰਾਂ, ਪੰਜਾਬ

ਚੇਅਰਪਰਸਨ ਨੇ ਖ਼ੁਦ ਹੀ ਕੀਤੀ ਕਾਰਵਾਈ  ਅਧਿਕਾਰੀਆਂ ਤੋਂ ਮੰਗੀ ਰਿਪੋਰਟ

File Photo

Punjab News: ਲੁਧਿਆਣਾ - ਪੰਜਾਬ ਦੇ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਚੂਹਿਆਂ ਦੇ ਹਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਖ਼ਤ ਕਾਰਵਾਈ ਕੀਤੀ ਹੈ। ਕਮਿਸ਼ਨ ਨੇ ਪ੍ਰਮੁੱਖ ਸਿਹਤ ਸਕੱਤਰ, ਸਿਵਲ ਸਰਜਨ ਅਤੇ ਡੀਸੀ ਤੋਂ ਜਲਦੀ ਰਿਪੋਰਟ ਮੰਗੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 22 ਮਈ ਨੂੰ ਹੋਣੀ ਹੈ।

ਮਨੁੱਖੀ ਅਧਿਕਾਰ ਕਮਿਸ਼ਨ ਨੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਉਸ ਨੂੰ ਇੱਕ ਵੀਡੀਓ ਮਿਲੀ ਹੈ ਜਿਸ ਵਿੱਚ 60 ਤੋਂ 80 ਚੂਹੇ ਮਰੀਜ਼ਾਂ ਦੇ ਆਲੇ-ਦੁਆਲੇ ਅਤੇ ਬਿਸਤਰਿਆਂ ਦੇ ਨੇੜੇ ਘੁੰਮਦੇ ਦਿਖਾਈ ਦੇ ਰਹੇ ਹਨ। ਵੀਡੀਓ 'ਚ ਚੂਹੇ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਟੁੱਕਦੇ ਨਜ਼ਰ ਆ ਰਹੇ ਹਨ। ਅਜਿਹੇ ਹਾਲਾਤਾਂ ਕਾਰਨ ਮਰੀਜ਼ਾਂ ਨੂੰ ਗੰਭੀਰ ਬਿਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼ ਨੇ ਇਸ ਮਾਮਲੇ ਵਿਚ ਖ਼ੁਦ ਹੀ ਕਾਰਵਾਈ ਕੀਤੀ ਹੈ।   

ਲੁਧਿਆਣਾ ਦੇ ਸਿਵਲ ਹਸਪਤਾਲ 'ਚ ਚੂਹਿਆਂ ਨੇ ਕਾਫ਼ੀ ਤਬਾਹੀ ਮਚਾਈ ਹੋਈ ਸੀ। ਜੱਚਾ-ਬੱਚਾ ਹਸਪਤਾਲ ਦੀ ਇਮਾਰਤ ਵਿਚ ਹਰ ਰੋਜ਼ ਚੂਹੇ ਛਾਲਾਂ ਮਾਰਦੇ ਹਨ। ਚੂਹੇ ਮਰੀਜਾਂ ਦੇ ਬਿਸਤਰਿਆਂ ਵੱਲ ਛਾਲਾਂ ਮਾਰਦੇ ਹਨ। ਇਸ ਕਾਰਨ ਮਰੀਜ਼ਾਂ ਨੂੰ ਸਾਰੀ ਰਾਤ ਜਾਗ ਕੇ ਕੱਟਣੀ ਪੈਂਦੀ ਹੈ। ਇਹ ਚੂਹੇ ਮਰੀਜ਼ਾਂ ਲਈ ਘਰੋਂ ਲਿਆਂਦੇ ਪੌਸ਼ਟਿਕ ਭੋਜਨ ਨੂੰ ਖਾਂਦੇ ਹਨ। ਮਰੀਜ਼ਾਂ ਦੇ ਸੇਵਾਦਾਰ ਹਸਪਤਾਲ ਲੈ ਕੇ ਆਉਣ ਵਾਲੇ ਭਾਂਡਿਆਂ ਨੂੰ ਚੂਹੇ ਖਿੱਚ ਕੇ ਲੈ ਜਾਂਦੇ ਹਨ। ਸੇਵਾਦਾਰਾਂ ਨੇ ਉਨ੍ਹਾਂ ਦੀਆਂ ਕਈ ਵੀਡੀਓਜ਼ ਵੀ ਬਣਾਈਆਂ ਹਨ। ਜਿਸ ਵਿਚ 10 ਤੋਂ 15 ਦੇ ਕਰੀਬ ਚੂਹੇ ਇੱਕ ਪਲੇਟ ਵਿਚੋਂ ਖਾਣਾ ਖਾ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਕੱਲ੍ਹ ਹਸਪਤਾਲ ਵਿੱਚ ਪਏ ਟੋਇਆਂ ਨੂੰ ਭਰ ਦਿੱਤਾ ਹੈ। ਪੀਏਯੂ ਦੀ ਮਦਦ ਨਾਲ ਉਨ੍ਹਾਂ ਨੇ ਸਪਰੇਅ ਕਰਵਾਈ ਅਤੇ ਪਿੰਜਰੇ ਲਗਾਏ।