ਨਸ਼ਾ ਮਾਫ਼ੀਆ ਪੰਜਾਬ 'ਚ ਹਾਲੇ ਵੀ ਵੱਡਾ ਮੁੱਦਾ : ਸਿਸੋਦੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਆਪ' ਨੇ ਸ਼ਾਹਕੋਟ ਉਪ ਚੋਣ ਲਈ ਰਤਨ ਸਿੰਘ ਕੱਕੜ ਕਲਾਂ ਨੂੰ ਐਲਾਨਿਆ ਉਮੀਦਵਾਰ

Sisodia

ਚੰਡੀਗੜ੍ਹ, 5 ਮਈ (ਨੀਲ ਭਲਿੰਦਰ ਸਿੰਘ): ਅੱਜ ਪੰਜਾਬ ਦੌਰੇ 'ਤੇ ਆਏ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹਾਲਾਂਕਿ ਪ੍ਰੈਸ ਕਾਨਫ਼ਰੰਸ ਦੌਰਾਨ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ 'ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਆਪ ਮੁਖੀ ਅਰਵਿੰਦ ਕੇਜਰੀਵਾਲ ਦੀ ਮਾਫ਼ੀ ਜਿਹੇ ਸਵਾਲਾਂ ਤੋਂ ਟਾਲਾ ਵਟਦੇ ਰਹੇ ਪਰ ਨਾਲ ਹੀ ਸਿਸੋਦੀਆ ਨੇ ਪੰਜਾਬ ਵਿਚ ਹਾਲੇ ਵੀ ਨਸ਼ਾ ਮਾਫ਼ੀਆ ਵੱਡਾ ਮੁੱਦਾ ਹੋਣ ਦੀ ਗੱਲ ਆਖੀ ਹੈ। ਸਿਸੋਦੀਆ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਨਸ਼ਿਆਂ ਵਿਚ ਸ਼ਾਮਲ ਲੋਕਾਂ ਦਾ ਨਾਮ ਲੈਣ ਤੋਂ ਵੀ ਨਹੀਂ ਝਿਜਕੇਗੀ। ਸਿਸੋਦੀਆ ਨੇ ਗ਼ੈਰ ਕਾਨੂੰਨੀ ਮਾਈਨਿੰਗ ਨੂੰ ਵੀ ਪੰਜਾਬ ਵਿਚ ਵੱਡਾ ਮਸਲਾ ਕਰਾਰ ਦਿਤਾ ਹੈ। ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ   ਨਸ਼ਿਆਂ ਵਿਰੁਧ ਲੜਾਈ ਲੜ ਰਹੀ ਹੈ ਪਰ ਬਿਕਰਮ ਸਿੰਘ ਮਜੀਠੀਆ ਦੇ ਮੁੱਦੇ ਉਤੇ ਉਨ੍ਹਾਂ (ਸਿਸੋਦੀਆ) ਦਾ ਜਾਂ ਅਰਵਿੰਦ ਕੇਜਰੀਵਾਲ ਦਾ ਸਟੈਂਡ ਮਹੱਤਵਪੂਰਨ ਨਹੀਂ ਹੈ, ਸਗੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦਾ ਮਜੀਠੀਆ ਉਤੇ ਸਟੈਂਡ ਵੱਧ ਮਹੱਤਵਪੂਰਨ ਹੈ। ਉਨ੍ਹਾਂ ਪੱਤਰਕਾਰਾਂ ਨੂੰ ਹੀ ਮੁਖਾਤਬ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਕੋਲੋਂ ਪੁਛਣਾ ਚਾਹੀਦਾ ਹੈ ਕਿ ਨਸ਼ਾ ਮਾਫ਼ੀਆ ਨੂੰ ਸਲਾਖਾਂ ਪਿੱਛੇ ਕਿਉਂ ਨਹੀਂ ਸੁੱਟ ਦਿਤਾ ਜਾਂਦਾ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਮਾਫ਼ੀ ਮੰਗਣ ਜਾਂ ਨਾ ਮੰਗਣ ਨਾਲ ਨਸ਼ਾ ਮਾਫ਼ੀਆ ਦੀ ਗ੍ਰਿਫ਼ਤਾਰੀ ਨਹੀਂ ਹੋ ਜਾਂਦੀ। ਪੰਜਾਬ ਵਿਚ ਪਾਰਟੀ ਵਲੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ ਕੇਜਰੀਵਾਲ ਦੀ ਮਜੀਠੀਆ ਤੋਂ ਮਾਫ਼ੀ ਮੁੱਦੇ ਉਤੇ ਵਿਰੋਧ ਦਰਜ ਕਰਵਾਏ ਜਾਣ ਦੇ ਸਵਾਲ ਉਤੇ ਸਿਸੋਦੀਆ ਨੇ ਕਿਹਾ ਕਿ ਇਹ ਪਾਰਟੀ ਦਾ  ਅੰਦਰੁਨੀ ਲੋਕਤੰਤਰ ਹੈ ਅਤੇ ਉਹ ਹਰ ਕਿਸੇ ਦੇ ਦ੍ਰਿਸ਼ਟੀਕੋਣ ਦੀ ਇੱਜ਼ਤ ਕਰਦੇ ਹਨ। ਉਨ੍ਹਾਂ ਇਸ ਮੁੱਦੇ 'ਤੇ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਐਮਪੀ ਭਗਵੰਤ ਮਾਨ ਦਾ ਅਸਤੀਫ਼ਾ ਵੀ ਸਵੀਕਾਰ ਨਹੀਂ ਕੀਤਾ ਗਿਆ ਹੋਣ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਹੀ ਡਾ. ਬਲਵੀਰ ਸਿੰਘ ਨੇ ਮੁਨੀਸ਼ ਸਿਸੋਦੀਆ ਅਤੇ ਸੁਖਪਾਲ ਸਿੰਘ ਖਹਿਰਾ ਦੀ ਮੌਜੂਦਗੀ ਵਿਚ ਸ਼ਾਹਕੋਟ ਉਪ ਚੋਣ ਲਈ ਰਤਨ ਸਿੰਘ ਕੱਕੜ ਕਲਾਂ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਹਾਲਾਂਕਿ ਇਸ ਤੋਂ ਪਹਿਲਾਂ ਖਹਿਰਾ ਅਤੇ ਭਗਵੰਤ ਮਾਨ ਵਲੋਂ ਇਹ ਜ਼ਿਮਨੀ ਚੋਣ ਨਾ ਲੜਨ ਦਾ ਸੁਝਾਅ ਪੇਸ਼ ਕੀਤਾ ਜਾ ਰਿਹਾ ਸੀ।