3 ਵਾਰ ਅਪਰਾਧਕ ਪਿਛੋਕੜ ਵਾਲਿਆਂ ਨੂੰ ਦੇਣੇ ਪੈਣਗੇ ਅਖ਼ਬਾਰਾਂ ਤੇ ਟੈਲੀਵਿਜ਼ਨ ’ਤੇ ਇਸ਼ਤਿਹਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਵਾਜ਼ ਪ੍ਰਦੂਸ਼ਣ ਫੈਲਾਉਣ ਸਬੰਧੀ ਤਿੰਨ ਨੋਟਿਸ ਜਾਰੀ

Advertise on newspapers and television on 3 times for crim

ਚੰਡੀਗੜ੍ਹ: ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਅੱਜ ਅਪਰਾਧਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ 17 ਮਈ ਤੱਕ ਤਿੰਨ ਵਾਰ ਅਪਰਾਧਕ ਪਿਛੋਕੜ ਸਬੰਧੀ ਅਖ਼ਬਾਰਾਂ ਅਤੇ ਟੈਲੀਵਿਜ਼ਨ ’ਤੇ ਇਸ਼ਤਿਹਾਰ ਦੇਣੇ ਲਾਜ਼ਮੀ ਹਨ।

ਡਾ. ਐਸ. ਕਰੁਣਾ ਰਾਜੂ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਨਾਮਜ਼ਦਗੀ ਪੱਤਰ ਦੇ ਹਿੱਸੇ ਫਾਰਮ ਨੰਬਰ 26 ਵਿਚ ਸੋਧ ਕੀਤੀ ਗਈ ਹੈ ਅਤੇ ਇਸ ਅਧੀਨ ਚੋਣ ਲੜ ਰਹੇ ਅਤੇ ਰਾਜਨੀਤਕ ਪਾਰਟੀਆਂ ਜਿਨ੍ਹਾਂ ਦੇ ਉਮੀਦਵਾਰਾਂ ਦਾ ਅਪਰਾਧਕ ਪਿਛੋਕੜ ਹੈ, ਬਾਰੇ ਅਖ਼ਬਾਰ ਅਤੇ ਟੈਲੀਵਿਜ਼ਨ `ਤੇ ਇਸ਼ਤਿਹਾਰ ਦੇਣ ਸਬੰਧੀ ਪਹਿਲਾਂ ਹੀ ਹਿਦਾਇਤਾਂ ਜਾਰੀ ਕੀਤੀਆਂ ਜਾ ਚੁਕੀਆਂ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿਚ 278 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਰਾਜ ਦੇ 2,08,92,674 ਵੋਟਰ ਜਿਨ੍ਹਾਂ ਵਿਚ 1,10,59,828 ਪੁਰਸ਼, ਮਹਿਲਾ ਵੋਟਰ 98,32,286 ਅਤੇ 560 ਥਰਡ ਜੈਂਡਰ ਦੇ ਵੋਟਰ ਹਨ (ਇਸ ਵਿਚ 1,11,463 ਸਰਵਿਸ ਵੋਟਰ ਵੀ ਸ਼ਾਮਿਲ ਹਨ) ਜੋ ਕਿ ਮਿਤੀ 19 ਮਈ, 2019 (ਐਤਵਾਰ) ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਰਾਜ ਵਿਚ 23,213 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 249 ਕ੍ਰਿਟੀਕਲ, 719 ਸੈਂਸਟਿਵ ਅਤੇ 509 ਹਾਇਪਰ-ਸੈਂਸਟਿਵ ਹਨ।

ਪੰਜਾਬ  ਰਾਜ ਵਿਚ ਵੋਟਾਂ ਵਾਲੇ ਦਿਨ 12002 ਬੂਥਾਂ ਤੋਂ ਵੈਬ-ਕਾਸਟਿੰਗ ਕੀਤੀ ਜਾਵੇਗੀ। ਡਾ. ਰਾਜੂ ਨੇ ਕਿਹਾ ਕਿ ਪੰਜਾਬ ਰਾਜ ਵਿਚ 18 ਅਤੇ 19 ਸਾਲ ਉਮਰ ਦੇ 3,94,780 ਵੋਟਰ ਪਹਿਲੀ ਵਾਰ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਣਗੇ। ਜਦਕਿ ਵੋਟਾਂ ਦੀ ਗਿਣਤੀ ਮਿਤੀ 23 ਮਈ, 2019 (ਵੀਰਵਾਰ) ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਡਾ. ਰਾਜੂ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਐਲਾਨ ਹੋਣ ਉਪਰੰਤ ਸੂਬੇ ਵਿਚ ਲਾਗੂ ਹੋਏ ਆਦਰਸ਼ ਚੋਣ ਜ਼ਾਬਤੇ ਦੌਰਾਨ ਮਿਤੀ 05 ਮਈ 2019 ਤੱਕ ਕੁਲ 275 ਕਰੋੜ ਦੀਆਂ ਵਸਤਾਂ ਅਤੇ ਨਗਦੀ ਜ਼ਬਤ ਕੀਤੀ ਗਈ ਹੈ।

ਇਸ ਦੌਰਾਨ 30.99 ਦੀ ਕਰੋੜ ਨਗਦ ਰਾਸ਼ੀ ਵੀ ਜ਼ਬਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਵੱਖ ਵੱਖ ਸਰਵਾਈਲੈਂਸ ਟੀਮਾਂ ਵੱਲੋਂ 12,28,781 ਲੀਟਰ ਸ਼ਰਾਬ ਫੜੀ ਗਈ ਹੈ ਜਿਸ ਦੀ ਕੀਮਤ 9.1 ਕਰੋੜ ਰੁਪਏ ਬਣਦੀ ਹੈ। ਇਸੇ ਤਰ੍ਹਾਂ ਸੂਬੇ ਵਿਚ 7,668 ਕਿਲੋ ਗਰਾਮ ਨਸ਼ੀਲੇ ਪਦਾਰਥ ਵੀ ਫੜ੍ਹੇ ਗਏ ਹਨ, ਜਿਨ੍ਹਾਂ ਦੀ ਕੀਮਤ 212 ਕਰੋੜ ਬਣਦੀ ਹੈ। ਇਸ ਤੋਂ ਇਲਾਵਾ ਸੂਬੇ ਵਿਚ 30.99 ਕਰੋੜ ਰੁਪਏ ਦੀ ਨਕਦ ਅਤੇ 21.95 ਕਰੋੜ ਦਾ ਸੋਨਾ, ਚਾਂਦੀ ਅਤੇ ਹੋਰ ਵਸਤਾਂ ਵੀ ਜ਼ਬਤ ਕੀਤੀਆਂ ਗਈਆਂ ਹਨ।

ਆਦਰਸ਼ ਚੋਣ ਜ਼ਾਬਤੇ ਦੇ ਮੱਦੇਨਜ਼ਰ ਰਾਜ ਵਿਚ 1429 ਅਤਿ ਸੰਵੇਦਨਸ਼ੀਲ ਸਥਾਨਾਂ ਦੀ ਪਹਿਚਾਣ ਕੀਤੀ ਗਈ ਹੈ। ਇਸ ਤੋਂ ਇਲਾਵਾ ਸੂਬੇ ਵਿਚ 3728 ਅਜਿਹੇ ਲੋਕਾਂ ਦੀ ਪਹਿਚਾਣ ਕੀਤੀ ਹੈ ਜੋ ਕਿ ਅਮਨ ਅਮਾਨ ਵਿਚ ਖਲਲ ਪਾ ਸਕਦੇ ਹਨ, ਜਿਨ੍ਹਾਂ ਵਿਚੋਂ 3673 ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਬਾਕੀ ਰਹਿੰਦੇ ਵਿਅਕਤੀਆਂ ਵਿਰੁੱਧ ਜਲਦ ਕਾਰਵਾਈ ਕਰ ਦਿੱਤੀ ਜਾਵੇਗੀ।

ਸੂਬੇ ਵਿਚ ਇਸ ਸਮੇਂ ਗ਼ੈਰ ਜ਼ਮਾਨਤੀ ਵਾਰੰਟ ਦੇ 450 ਮਾਮਲੇ ਕਾਰਵਾਈ ਅਧੀਨ ਹਨ ਅਤੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 4523 ਲੋਕਾਂ ਵਿਰੁੱਧ ਗ਼ੈਰ ਜ਼ਮਾਨਤੀ ਵਾਰੰਟ ਅਧੀਨ ਕਾਰਵਾਈ ਕੀਤੀ ਗਈ ਹੈ। ਮੁੱਖ ਚੋਣ ਅਫਸਰ ਨੇ ਦੱਸਿਆ ਕਿ ਸੂਬੇ ਵਿਚ ਹੁਣ ਤੱਕ 96.4 ਪ੍ਰਤੀਸ਼ਤ ਲਾਈਸੈਂਸੀ ਹਥਿਆਰ ਜਮ੍ਹਾਂ ਹੋ ਚੁਕੇ ਹਨ ਅਤੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ 124 ਗ਼ੈਰ ਲਾਈਸੈਂਸੀ ਹਥਿਆਰ ਫੜ੍ਹੇ ਗਏ ਹਨ ਜਦਕਿ 770 ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਸੀਵਿਜ਼ਲ ਐਪ ਉੱਤੇ ਹੁਣ ਤੱਕ 1840 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿਚੋਂ 955 ਦਰੁਸਤ ਪਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਰਾਜ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਆਵਾਜ਼ ਪ੍ਰਦੂਸ਼ਣ ਕਰਨ ਦੇ ਦੋਸ਼ ਅਧੀਨ ਅੰਮ੍ਰਿਤਸਰ ਵਿਚ ਇਕ ਅਤੇ ਲੁਧਿਆਣਾ ਵਿਚ ਦੋ ਨੋਟਿਸ ਜਾਰੀ ਕੀਤੇ ਗਏ ਹਨ।

ਇਸ ਤੋਂ ਇਲਾਵਾ ਡਰਗ ਐਂਡ ਕੌਸਮੈਟਿਕ ਐਕਟ 1940 ਅਤੇ ਰੂਲਜ਼ 1945 ਅਧੀਨ ਸੂਬੇ ਵਿਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਦੀ ਜਾਂਚ ਕਰਨ ਲਈ ਗਠਿਤ ਵਿਸ਼ੇਸ਼ ਟੀਮ ਵੱਲੋਂ ਕੀਤੀ ਕਾਰਵਾਈ ਵਿਚ ਦੋ ਲਇਸੰਸ ਮੁਅਤਲ ਕੀਤੇ ਗਏ ਹਨ। ਇਸ ਤੋਂ ਇਲਾਵਾ ਛੇ ਕਾਰਨ ਦੱਸੇ ਗਏ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਦੋ ਮਾਮਲੇ ਜਾਂਚ ਅਧੀਨ ਹਨ।