193 ਪਾਕਿਸਤਾਨੀ ਕਰੀਬ ਦੋ ਮਹੀਨੇ ਪਿਛੋਂ ਵਾਘੇ ਰਾਹੀਂ ਅਪਣੇ ਵਤਨ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਦੇ ਨਤੀਜੇ ਵਜੋਂ ਖ਼ਰਾਬ ਹੋਏ ਹਾਲਾਤ ਕਾਰਨ ਕਈ ਦਿਨਾਂ ਤੋਂ ਭਾਰਤ 'ਚ ਬੈਠੇ ਪਾਕਿਸਤਾਨੀਆਂ ਦੀ ਵਤਨ ਵਾਪਸੀ ਦੀ ਤਾਂਘ ਖ਼ਤਮ ਹੋਈ ਹੈ।

File Photo

ਛੇਹਰਟਾ/ਅਟਾਰ, 5 ਮਈ (ਕ੍ਰਿਸ਼ਨ ਸਿੰਘ ਦੁਸਾਂਝ): ਕੋਰੋਨਾ ਵਾਇਰਸ ਦੇ ਨਤੀਜੇ ਵਜੋਂ ਖ਼ਰਾਬ ਹੋਏ ਹਾਲਾਤ ਕਾਰਨ ਕਈ ਦਿਨਾਂ ਤੋਂ ਭਾਰਤ 'ਚ ਬੈਠੇ ਪਾਕਿਸਤਾਨੀਆਂ ਦੀ ਵਤਨ ਵਾਪਸੀ ਦੀ ਤਾਂਘ ਖ਼ਤਮ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਇਨ੍ਹਾਂ 193 ਨਾਗਰਿਕਾਂ ਦੀ ਵਤਨ ਵਾਪਸੀ ਹੋਵੇਗੀ, ਜਦੋਂ ਇਹ ਵਾਘਾ ਸਰਹੱਦ ਰਾਹੀਂ ਪਾਕਿਸਤਾਨ ਅਪਣੀ ਧਰਤੀ 'ਤੇ ਚਲੇ ਜਾਣਗੇ। ਇਨ੍ਹਾਂ ਨਾਗਰਿਕਾਂ 'ਚੋਂ ਕੁਝ ਵੱਖ-ਵੱਖ ਸਥਾਨਾਂ ਦੀ ਯਾਤਰਾ ਕਰਨ ਲਈ ਆਏ ਸਨ ਅਤੇ ਕੁੱਝ ਹੋਰ ਵਿਜ਼ਟਰ ਸਨ। ਇਨ੍ਹਾਂ ਨੂੰ ਘੱਟੋ-ਘੱਟ 40 ਦਿਨਾਂ ਤਕ ਬੜੇ ਦੁਖਦਾਈ ਹਾਲਾਤ 'ਚ ਇਸ ਗੱਲ ਦਾ ਇੰਤਜ਼ਾਰ ਕਰਨਾ ਪਿਆ ਕਿ ਕਦੋਂ ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਵਲੋਂ ਹਰੀ ਝੰਡੀ ਮਿਲੇ ਅਤੇ ਕਦੋਂ ਉਹ ਅਪਣੇ ਘਰਾਂ ਨੂੰ ਮੁੜ ਸਕਣ।

ਵਰਣਨ ਯੋਗ ਹੈ ਕਿ ਇਨ੍ਹਾਂ ਨਾਗਰਿਕਾਂ 'ਚੋਂ ਕਈਆਂ ਨੇ ਕੋਸ਼ਿਸ਼ ਕੀਤੀ ਸੀ ਕਿ ਉਹ ਅਟਾਰੀ ਰਸਤੇ ਅਪਣੇ ਦੇਸ਼ ਪਰਤ ਸਕਣ ਪਰ ਉਹ ਕਾਮਯਾਬ ਨਹੀਂ ਹੋ ਸਕੇ। ਇਸ ਦੌਰਾਨ ਇਕ ਪਾਕਿਸਤਾਨੀ ਨਾਗਰਿਕ ਸ਼ੇਰ ਬਾਨੋ ਨੇ ਕਿਹਾ ਕਿ ਉਹ ਕਿਸੇ ਵੀ ਜਗ੍ਹਾ ਘੁੰਮਣ ਨਹੀਂ ਜਾ ਸਕੀ ਅਤੇ ਉਸ ਨੂੰ ਲਾਕਡਾਊਨ ਕਰ ਕੇ ਅਪਣੇ ਕਿਸੇ ਜਾਣਕਾਰ ਦੇ ਛੋਟੇ ਜਿਹੇ ਕਮਰੇ ਵਿਚ ਹੀ ਸਮਾਂ ਗੁਜਾਰਣਾ ਪਿਆ। ਇਸ ਦੌਰਾਨ ਉਸ ਦਾ ਪਰਸ ਵੀ ਗਾਇਬ ਹੋ ਗਿਆ ਅਤੇ ਹੋਰ ਵੀ ਕਈ ਨਾਗਰਿਕਾਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਇਸ ਦੌਰਾਨ ਪਾਕਿਤਾਨੀ ਅਧਿਕਾਰੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਇਨ੍ਹਾਂ ਲੋਕਾਂ ਦੀ ਪਾਕਿਸਤਾਨ ਵਾਪਸ ਨੂੰ ਯਕੀਨੀ ਬਣਾਉਣ 'ਚ ਸਹਾਇਤਾ ਕੀਤੀ ਜਾਵੇ। ਇਥੇ ਇਹ ਵਰਣਨ ਯੋਗ ਹੈ ਕਿ ਬੀਤੀ 16 ਅਪ੍ਰੈਲ ਨੂੰ ਵੀ ਗ੍ਰਹਿ ਮੰਤਰਾਲੇ ਦੀਆਂ ਕੋਸ਼ਿਸ਼ਾ ਸਦਕਾ 41 ਪਾਕਿਸਤਾਨੀ ਨਾਗਰਿਕ ਅਪਣੇ ਦੇਸ਼ ਵਾਪਸ ਗਏ ਸਨ। ਇਨ੍ਹਾਂ ਪਾਕਿ ਨਾਗਰਿਕਾਂ ਦੇ ਪਾਕਿਸਤਾਨ ਵਿਚ ਕੀਤੇ ਗਏ ਮੈਡੀਕਲ ਚੈੱਕਅਪ ਦੌਰਾਨ ਕੁੱਝ ਲੋਕ ਕੋਰੋਨਾ ਪਾਜ਼ੇਟਿਵ ਦੇ ਮਰੀਜ਼ ਪਾਏ ਗਏ ਸਨ।