ਹੁਣ ਤਰਨ ਤਾਰਨ 'ਚ 'ਕੋਰੋਨਾ ਬਲਾਸਟ' , ਜ਼ਿਲ੍ਹੇ 'ਚ ਇਕੋ ਦਿਨ 47 ਨਵੇਂ ਮਾਮਲੇ ਸਾਹਮਣੇ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਰਨ ਤਾਰਨ ਵਿਚ ਮੰਗਲਵਾਰ ਨੂੰ ਕੋਰੋਨਾ ਬਲਾਸਟ ਹੋਇਆ ਹੈ। ਜ਼ਿਲ੍ਹੇ ਵਿਚ ਇਕੋ ਦਿਨ  47 ਲੋਕਾਂ ਦੀ ਕੋਰੋਨਾ ਵਾਇਰਸ ਸਬੰਧੀ ਰੀਪੋਰਟ ਪਾਜ਼ੇਟਿਵ ਪਾਈ ਗਈ ਹੈ।

File Photo

ਤਰਨ ਤਾਰਨ, 5 ਮਈ (ਅਮਿਤ ਮਰਵਾਹਾ, ਅਮਨਦੀਪ ਮਨਚੰਦਾ): ਤਰਨ ਤਾਰਨ ਵਿਚ ਮੰਗਲਵਾਰ ਨੂੰ ਕੋਰੋਨਾ ਬਲਾਸਟ ਹੋਇਆ ਹੈ। ਜ਼ਿਲ੍ਹੇ ਵਿਚ ਇਕੋ ਦਿਨ  47 ਲੋਕਾਂ ਦੀ ਕੋਰੋਨਾ ਵਾਇਰਸ ਸਬੰਧੀ ਰੀਪੋਰਟ ਪਾਜ਼ੇਟਿਵ ਪਾਈ ਗਈ ਹੈ। ਜਿਸ ਪਿਛੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਇਨ੍ਹਾਂ ਸਾਰੇ ਹੀ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਕਰਨ ਦੀ ਪ੍ਰਕਿਰਿਆ ਅਰੰਭ ਦਿਤੀ ਗਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਹੁਣ ਤਕ ਜ਼ਿਲ੍ਹੇ ਵਿਚ 87 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗਣ ਬਾਰੇ ਪੁਸ਼ਟੀ ਹੋ ਚੁੱਕੀ ਹੈ।

ਸ੍ਰੀ ਖਡੂਰ ਸਾਹਿਬ, 5 (ਕੁਲਦੀਪ ਸਿੰਘ ਮਾਨ ਰਾਮਪੁਰ): ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਪਿੰਡ ਉੱਪਲ ਨੂੰ ਪੂਰੀ ਤਰ੍ਹਾਂ ਸੀਲ ਕਰ ਦਿਤਾ ਗਿਆ ਹੈ। ਦੱਸਣਯੋਗ ਹੈ ਕਿ ਸ੍ਰੀ ਹਜ਼ੂਰ ਸਾਹਿਬ ਤੋਂ 4 ਸ਼ਰਧਾਲੂ ਨਿਜੀ ਵਾਹਨ ਰਾਹੀਂ ਅਪਣੇ ਘਰ ਆ ਗਏ ਸਨ। ਜਿਸ ਬਾਰੇ ਪ੍ਰਸ਼ਾਸਨ ਨੂੰ ਪਤਾ ਲੱਗਣ 'ਤੇ ਉਕਤ ਸ਼ਰਧਾਲੂਆਂ ਨੂੰ ਘਰੋਂ ਲਿਜਾ ਕੇ ਸੈਂਪਲ ਲੈ ਕੇ  ਖਡੂਰ ਸਾਹਿਬ ਵਿਖੇ ਏਕਾਂਤਵਾਸ ਕੀਤਾ ਗਿਆ ਸੀ। ਅੱਜ ਉਕਤ ਸ਼ਰਧਾਲੂਆਂ 'ਚੋਂ 3 ਮੈਬਰਾਂ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆ ਗਈ ਹੈ, ਜਿਨ੍ਹਾਂ 'ਚ 60 ਸਾਲਾ ਅਤੇ 33 ਸਾਲਾ ਦੋ ਔਰਤਾਂ ਅਤੇ ਇਕ 4 ਸਾਲ ਦਾ ਬੱਚਾ ਵੀ ਸ਼ਾਮਲ ਹੈ ਜਿਸ ਕਰ ਕੇ ਪਿੰਡ ਉੱਪਲ ਨੂੰ ਪੂਰੀ ਤਰ੍ਹਾਂ ਸੀਲ ਕਰ ਦਿਤਾ ਗਿਆ ਹੈ।

ਫ਼ਾਜ਼ਿਲਕਾ, 5 ਮਈ (ਅਨੇਜਾ): ਬੀਤੀ ਦੇਰ ਰਾਤ ਨੂੰ ਫ਼ਾਜ਼ਿਲਕਾ ਜ਼ਿਲ੍ਹੇ ਤੋਂ ਭੇਜੇ 30 ਹੋਰ ਨਮੂਨਿਆਂ ਦੀ ਰੀਪੋਰਟ ਪਾਜ਼ੇਟਿਵ ਪ੍ਰਾਪਤ ਹੋਈਆਂ ਹਨ। ਇਸ ਤੋਂ ਇਲਾਵਾ ਹੁਣੇ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ 2 ਹੋਰ ਕੇਸ ਪਾਜ਼ੇਟਿਵ ਆਏ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦਿਤੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਘਬਰਾਹਟ ਵਿਚ ਨਾ ਆਉਣ ਕਰਫ਼ਿਊ ਦੀ ਸਖ਼ਤੀ ਨਾਲ ਪਾਲਣਾ ਜਾਰੀ ਰੱਖਣ ਤਾਂ ਹੀ ਅਸੀਂ ਇਸ ਬੀਮਾਰੀ ਨੂੰ ਅੱਗੇ ਫੈਲਣ ਤੋਂ ਰੋਕ ਸਕਦੇ ਹਾਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰਚੰਦ ਸਿੰਘ ਨੇ ਦਸਿਆ ਪਾਜ਼ੇਟਿਵ ਆਉਣ ਵਾਲੇ ਸਾਰੇ ਕੇਸ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ, ਜਿਨ੍ਹਾਂ ਵਿਚੋਂ 7 ਸਬ ਡਵੀਜ਼ਨ ਜਲਾਲਾਬਾਦ ਦੇ, 10 ਫਾਜ਼ਿਲਕਾ ਦੇ, 14 ਅਬੋਹਰ ਦੇ ਅਤੇ 1 ਰਾਜਸਥਾਨ ਨਾਲ ਸਬੰਧਤ ਕੇਸ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਵਿਖੇ ਨਾਂਦੇੜ ਤੋਂ ਪਰਤੇ ਕੁੱਲ 81 ਸ਼ਰਧਾਲੂ ਆਏ ਸਨ, ਜਿਨ੍ਹਾਂ ਵਿੱਚੋਂ 73 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 36 ਪਾਜ਼ਿਟਿਵ ਕੇਸ ਸਾਮ੍ਹਣੇ ਆਏ ਹਨ ਜਦਕਿ 8 ਦੀ ਰਿਪੋਰਟ ਬਕਾਇਆ ਹੈ।

ਫ਼ਰੀਦਕੋਟ, 5 ਮਈ (ਗੁਰਿੰਦਰ ਸਿੰਘ/ਲਖਵਿੰਦਰ ਹਾਲੀ) : ਰਾਜਸਥਾਨ 'ਚ ਮਜ਼ਦੂਰੀ ਕਰਨ ਲਈ ਗਏ 4 ਮਜ਼ਦੂਰਾਂ ਅਤੇ ਸ਼ਰਧਾਲੂਆਂ ਦੇ ਸੈਂਪਲਾਂ ਦੀ ਆਈ ਰੀਪੋਰਟ ਮੁਤਾਬਕ 22 ਸ਼ਰਧਾਲੂ ਅਤੇ 4 ਮਜ਼ਦੂਰਾਂ ਅਰਥਾਤ ਕੁਲ 26 ਵਿਅਕਤੀਆਂ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ। ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਨੇ ਇਸ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਨਵੀਂ ਆਈ ਰੀਪੋਰਟ ਮੁਤਾਬਕ ਪੀੜਤਾਂ 'ਚ ਇਕ ਨੇੜਲੇ ਪਿੰਡ ਸੰਧਵਾਂ ਦਾ ਵਸਨੀਕ 5 ਸਾਲ ਦਾ ਬੱਚਾ ਵੀ ਸ਼ਾਮਲ ਹੈ।

ਉਕਤ ਪਾਜ਼ੇਟਿਵ ਆਏ ਮਰੀਜ਼ਾਂ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਖੇ ਸਥਿਤ ਆਈਸੋਲੇਸ਼ਨ ਵਾਰਡ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਜ਼ਿਲ੍ਹੇ 'ਚ ਹੁਣ ਤਕ ਬਾਹਰੋਂ ਆਏ ਸ਼ਰਧਾਲੂਆਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਹੋਰਨਾਂ ਦੀਆਂ ਹੁਣ ਤਕ 377 ਜਾਂਚ ਰੀਪੋਰਟਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿਚੋਂ ਹਾਲ ਹੀ ਵਾਲੇ 26 ਮਿਲਾ ਕੇ ਪੀੜਤਾਂ ਦੀ ਕੁਲ ਗਿਣਤੀ 44 ਹੋ ਗਈ ਹੈ, ਜਿਨ੍ਹਾਂ 'ਚੋਂ ਦੋ ਨੂੰ ਠੀਕ ਹੋਣ ਉਪਰੰਤ ਛੁੱਟੀ ਵੀ ਦਿਤੀ ਜਾ ਚੁੱਕੀ ਹੈ।

ਅੰਮ੍ਰਿਤਸਰ, 5 ਮਈ (ਅਰਵਿੰਦਰ ਵੜੈਚ): ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਮੰਗਲਵਾਰ ਨੂੰ ਕੀਤੇ ਗਏ 72 ਟੈਸਟਾਂ ਵਿਚੋਂ 15 ਦੀ ਰੀਪੋਰਟ ਪਾਜ਼ੇਟਿਵ ਪਾਈ ਗਈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਚ 214 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਦੱਸੀ ਜਾ ਰਹੀ ਸੀ। ਇਨ੍ਹਾਂ ਵਿਚੋਂ ਦੂਸਰੇ ਰਾਜਾਂ ਤੋਂ ਆਏ 2 ਜਲੰਧਰ ਅਤੇ ਇਕ ਗੁਰਦਾਸਪੁਰ ਦੇ ਕੋਰੋਨਾ ਪਾਜ਼ੀਟਿਵ ਮਰੀਜ਼ ਵੀ ਸਨ। ਇਨ੍ਹਾਂ ਮਰੀਜ਼ਾਂ ਦੀ ਗਿਣਤੀ ਉਨ੍ਹਾਂ ਦੇ ਜ਼ਿਲ੍ਹਿਆ ਵਿਚ ਭੇਜਣ ਉਪਰੰਤ ਹੁਣ ਪੁਰਾਣੇ ਕੋਰੋਨਾ ਪਾਜ਼ੇਟਿਵ ਮਰੀਜ਼ 211 ਸਨ ਅਤੇ ਨਵੇਂ 15 ਕੋਰੋਨਾ ਪਾਜ਼ੀਟਿਵ ਮਰੀਜ਼ ਆਉਣ ਦੇ ਨਾਲ ਹੁਣ ਅੰਮ੍ਰਿਤਸਰ ਵਿੱਚ ਹੁਣ ਕੁੱਲ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 226 ਹੋ ਗਈ ਹੈ।

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਸਮੇਤ ਦੂਸਰੇ ਹੋਰ ਰਾਜਾਂ ਤੋਂ ਆਏ ਲੋਕਾਂ ਦੇ ਸੰਪਰਕ ਵਿਚ ਆਉਣ ਵਾਲਿਆ ਸਮੇਤ ਬਾਕੀ ਰਹਿੰਦੇ ਕੁੱਝ ਸ਼ਰਧਾਲੂਆਂ ਅਤੇ ਲੋਕਾਂ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਕੁੱਲ 314 ਮਰੀਜ਼ਾਂ ਦੀ ਟੈਸਟ ਰੀਪੋਰਟ ਆਉਣੀ ਬਾਕੀ ਹੈ। ਇਨ੍ਹਾਂ ਦੀ ਰੀਪੋਰਟ ਆਉਣ ਤੋਂ ਬਾਅਦ ਸਥਿਤੀ ਸਪੱਸ਼ਟ ਹੋਵੇਗੀ ਕਿ ਇਨ੍ਹਾਂ ਵਿਚੋਂ ਕਿੰਨੇ ਲੋਕ ਪਾਜ਼ੇਟਿਵ ਅਤੇ ਨੈਗੇਟਿਵ ਹਨ। ਇਸ ਤੋਂ ਇਲਾਵਾ ਮੈਡੀਕਲ ਕਾਲਜ ਦੀ ਲੈਬਾਰਟਰੀ ਵਿਚ ਪਹਿਲੇ ਦਿਨੀ ਲੈਬ ਅਟੈਂਡੈਂਟ ਦੀ ਕੋਰੋਨਾ ਪਾਜ਼ੇਟਿਵ ਰੀਪੋਰਟ ਆਉਣ ਤੋਂ ਬਾਅਦ ਕਰੀਬ 20 ਡਾਕਟਰ ਅਤੇ ਹੋਰ ਸਟਾਫ ਮੈਂਬਰ ਕੁਆਰੰਟਾਈਨ ਵਿਚ ਚਲੇ ਗਏ ਸਨ। ਪਰ ਇਹਨਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ। ਇਸ ਤੋਂ ਬਾਅਦ ਮੈਡੀਕਲ ਕਾਲਜ ਸਥਿਤ ਲੈਬੋਰਟਰੀ ਵਿੱਚ ਰੁਟੀਨ ਦੀ ਤਰ੍ਹਾਂ ਟੈਸਟਾਂ ਦੀ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।

ਮੋਗਾ, 5 ਮਈ (ਅਮਜਦ ਖਾਨ): ਮੋਗਾ ਵਿਚ ਅੱਜ 9 ਹੋਰ ਵਿਅਕਤੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਨਾਲ ਮੋਗਾ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 37 ਹੋ ਗਈ ਹੈ ਜਿਨ੍ਹਾਂ ਵਿਚੋਂ 36 ਮਰੀਜ਼ ਮੋਗਾ ਦੇ ਆਈਸੋਲੇਸ਼ਨ ਕੇਂਦਰ ਵਿਚ ਇਲਾਜ ਅਧੀਨ ਹਨ ਜਦਕਿ 1 ਵਿਅਕਤੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ। ਮੋਗਾ ਦੇ ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ ਨੇ ਦਸਿਆ ਕਿ ਹੁਣ ਤਕ ਮੋਗਾ ਦੇ ਸਰਕਾਰੀ ਹਸਪਤਾਲ ਵਿਚੋਂ 1325 ਸੈਂਪਲ ਭੇਜੇ ਗਏ ਸਨ ਜਿਨ੍ਹਾਂ ਵਿਚੋਂ 521 ਨੈਗੇਟਿਵ ਆਏ ਹਨ ਜਦਕਿ 777 ਸੈਂਪਲਾਂ ਦੀ ਰੀਪੋਰਟ ਉਡੀਕੀ ਜਾ ਰਹੀ ਹੈ।

ਅੱਜ ਪਾਏ ਗਏ 9 ਕਰੋਨਾ ਪਾਜ਼ਿਟਿਵ ਪਾਏ ਗਏ ਵਿਅਕਤੀਆਂ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਡੇਮਰੂ ਪਿੰਡ ਤੋਂ ਤਿੰਨ ਸ਼ਰਧਾਲੂ ਪਾਜ਼ੇਟਿਵ ਪਾਏ ਗਏ ਹਨ ਅਤੇ ਹਾਲ ਦੀ ਘੜੀ ਇਨ੍ਹਾਂ ਨੂੰ ਸੇਂਟ ਜੋਸਫ਼ ਸਕੂਲ ਘੱਲਕਲਾਂ ਵਿਖੇ ਆਈਸੋਲੇਸ਼ਨ ਵਿਚ ਰਖਿਆ ਜਾ ਰਿਹਾ ਸੀ ਪਰ ਹੁਣ ਇਨ੍ਹਾਂ ਨੂੰ ਸਰਕਾਰੀ ਹਸਪਤਾਲ ਮੋਗਾ ਵਿਖੇ ਲਿਆਂਦਾ ਜਾ ਰਿਹਾ ਹੈ।

ਰਾਏਕੋਟ, 5 ਮਈ (ਜਸਵੰਤ ਸਿੰਘ ਸਿੱਧੂ): ਅੱਜ ਪਿੰਡ ਕਾਲਸਾਂ ਦੇ ਇੱਕੋ ਪਰਵਾਰ ਦੇ ਚਾਰ ਮੈਂਬਰਾਂ ਤੇ ਪਿੰਡ ਜਲਾਲਦੀਵਾਲ ਦੇ ਸਰਧਾਲੂ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਰਾਏਕੋਟ ਇਲਾਕੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 7 ਹੋ ਗਈ ਹੈ। ਜਿਸ ਨਾਲ ਰਾਏਕੋਟ ਹਲਕੇ ਦੇ ਲੋਕਾਂ ਵਿਚ ਕਾਫ਼ੀ ਸਹਿਮ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਰਾਏਕੋਟ ਡਾ. ਹਿਮਾਂਸ਼ੂ ਗੁਪਤਾ ਨੇ ਦਸਿਆ ਕਿ ਮੱਧ ਪ੍ਰਦੇਸ਼ ਤੋਂ ਵਾਪਸ ਆਏ ਪਿੰਡ ਕਾਲਸਾਂ ਦੇ ਕੰਬਾਈਨ ਡਰਾਈਵਰ ਦੀ ਰੀਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪਿੰਡ ਕਾਲਸਾਂ ਨੂੰ ਸੀਲ ਕਰ ਦਿਤਾ ਗਿਆ ਸੀ,

ਉਥੇ ਹੀ ਉਸ ਦੇ 7 ਪਰਵਾਰਕ ਮੈਂਬਰਾਂ ਦੇ ਸੈਂਪਲ ਟੈਸਟ ਲਈ ਭੇਜਣ ਤੋਂ ਬਾਅਦ ਉਨ੍ਹਾਂ ਨੂੰ ਘਰ ਵਿਚ ਹੀ ਇਕਾਂਤਵਾਸ ਕਰ ਦਿਤਾ ਗਿਆ ਸੀ ਪ੍ਰੰਤੂ ਅੱਜ ਕੰਬਾਇਨ ਚਾਲਕ ਦੇ 4 ਪਰਵਾਰਕ ਮੈਂਬਰਾਂ ਦੀ ਰੀਪੋਰਟ ਪਾਜ਼ੇਟਿਵ ਆ ਗਈ। ਜਿਸ ਕਾਰਨ ਉਨ੍ਹਾਂ ਨੂੰ ਜਗਰਾਉਂ ਹਸਪਤਾਲ ਵਿਖੇ ਆਈਸੋਲੇਟ ਕਰ ਦਿਤਾ ਗਿਆ। ਇਸੇ ਤਰ੍ਹਾਂ ਸ਼੍ਰੀ ਹਜ਼ੂਰ ਸਾਹਿਬ ਤੋਂ ਸਿੱਧਾ ਵਰਧਮਾਨ 'ਚ ਕੁਆਰੰਟੀਨ ਕੀਤੇ ਪਿੰਡ ਜਲਾਲਦੀਵਾਲ ਦੇ ਇਕ ਸ਼ਰਧਾਲੂ ਦੀ ਰੀਪੋਰਟ ਵੀ ਪਾਜ਼ੇਟਿਵ ਆਈ ਹੈ

ਕੋਰੋਨਾ ਪੀੜਤ ਨੇ ਲੋਕਾਂ ਨੂੰ ਕਿਹਾ - 'ਘਬਰਾਉਣ ਦੀ ਜ਼ਰੂਰਤ ਨਹੀਂ, ਸਰੀਰਕ ਦੂਰੀ ਬਣਾਈ ਰੱਖੋ'
ਗੁਰਦਾਸਪੁਰ, 5 ਮਈ (ਅਨਮੋਲ ਸਿੰਘ) : ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਦਿੰਦਿਆਂ ਦਸਿਆ ਕਿ ਜ਼ਿਲ੍ਹੇ ਅੰਦਰ 42 ਹੋਰ ਵਿਅਕਤੀਆਂ ਦੀ ਰੀਪੋਰਟ ਕੋਰੋਨਾ ਵਾਇਰਸ ਪਾਜ਼ੇਟਿਵ ਆਈ ਹੈ, ਇਨ੍ਹਾਂ ਵਿਚ 39 ਸ਼ਰਧਾਲੂ ਅਤੇ 3 ਆਮ ਨਾਗਰਿਕ ਹਨ। ਜ਼ਿਲ੍ਹੇ ਅੰਦਰ 76 ਕੋਰੋਨਾ ਵਾਇਰਸ ਬੀਮਾਰੀ ਨਾਲ ਪੀੜਤ ਮਰੀਜ਼ ਹਨ, ਜਿਨ੍ਹਾਂ ਦਾ ਗੁਰਦਾਸਪੁਰ ਦੇ ਹਸਪਤਾਲਾਂ ਵਿਖੇ ਇਲਾਜ ਚਲ ਰਿਹਾ ਹੈ ਅਤੇ 1 ਮਰੀਜ਼ ਜੋ ਕਾਦੀਆਂ ਦਾ ਰਹਿਣ ਵਾਲਾ ਹੈ ਅਤੇ ਮੋਹਾਲੀ ਗਿਆ ਹੋਇਆ ਸੀ, ਉਸ ਦਾ ਇਲਾਜ ਮੁਹਾਲੀ ਹਸਪਤਾਲ ਵਿਖੇ ਚਲ ਰਿਹਾ ਹੈ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੋਸ਼ਲ ਡਿਸਟੈਂਸ ਨੂੰ ਮੈਨਟੇਨ ਕਰ ਕੇ ਰਖਣ ਅਤੇ ਕਰਫ਼ਿਊ ਦੌਰਾਨ ਘਰਾਂ ਵਿਚ ਬਾਹਰ ਨਾ ਨਿਕਲਣ। ਉਨ੍ਹਾਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਸੋਸ਼ਲ ਡਿਸਟੈਂਸ ਮੈ