27 ਸਟਾਫ਼ ਮੈਂਬਰ ਪਾਜ਼ੇਟਿਵ ਆਉਣ ਮਗਰੋਂ ਪਨਬਸ ਕਾਮੇ ਸੜਕਾਂ 'ਤੇ ਉਤਰੇ
ਸੁਰੱਖਿਆ ਦਾ ਸਾਜ਼ੋ ਸਾਮਾਨ ਅਤੇ 50 ਲੱਖ ਬੀਮੇ ਦੀ ਕੀਤੀ ਮੰਗ
ਚੰਡੀਗੜ੍ਹ, 5 ਮਈ (ਗੁਰਉਪਦੇਸ਼ ਭੁੱਲਰ): 27 ਸਟਾਫ਼ ਮੈਂਬਰਾਂ ਦੀ ਰੀਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪਨਬਸ ਦੇ ਕੰਟਰੈਕਟ ਕਾਮੇ ਅੱਜ ਸੜਕਾਂ 'ਤੇ ਉਪਰ ਆਏ ਅਤੇ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ। ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਸ੍ਰੀ ਹਜ਼ੂਰ ਸਾਹਿਬ ਯਾਤਰੂਆਂ ਨੂੰ ਲੈਣ ਲਈ ਭੇਜੀਆਂ ਬੱਸਾਂ ਨਾਲ ਡਰਾਈਵਰਾਂ ਤੋਂ ਇਲਾਵਾ ਹੋਰ ਸੈਂਕੜੇ ਮੁਲਾਜ਼ਮ ਵੀ ਸਨ। ਸ਼ਰਧਾਲੂਆਂ ਦੇ ਮਾਮਲੇ ਸਾਹਮਣੇ ਆਉਣ ਨਾਲ ਇਨ੍ਹਾਂ ਦੇ ਵੀ ਸੈਂਪਲ ਲਏ ਗਏ। ਭਾਵੇਂ ਕਾਫ਼ੀ ਰੀਪੋਰਟਾਂ ਨੈਗੇਟਿਵ ਆ ਰਹੀਆਂ ਹਨ
ਪਰ ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦਸਿਆ ਕਿ 26 ਸਟਾਫ਼ ਮੈਂਬਰਾਂ ਦੀਆਂ ਰੀਪੋਰਟਾਂ ਪਾਜ਼ੇਟਿਵ ਆ ਗਈਆਂ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ 'ਚ ਪੰਜਾਬ ਰੋਡਵੇਜ਼ ਚੰਡੀਗੜ੍ਹ ਨਾਲ ਸਬੰਧਤ 5, ਅੰਮ੍ਰਿਤਸਰ ਡਿਪੂ ਦੇ 5, ਨਵਾਂਸ਼ਹਿਰ ਦੇ 3, ਪਠਾਨਕੋਟ ਦੇ 2 ਅਤੇ ਜਲੰਧਰ ਡਿਪੂ ਦੇ 10 ਕਾਮਿਆਂ ਦੀਆਂ ਰੀਪੋਰਟਾਂ ਪਾਜ਼ੇਟਿਵ ਆਈਆਂ ਹਨ। ਹਾਲੇ ਹੋਰ ਰੀਪੋਰਟਾਂ ਆਉਣੀਆਂ ਹਨ। ਪਨਬਸ ਕਾਮਿਆਂ ਦੀ ਯੂਨੀਅਨ ਦੇ ਆਗੂਆਂ ਮੁਤਾਬਕ ਉਨ੍ਹਾਂ ਨੂੰ ਬਿਨਾਂ ਸੁਰੱਖਿਆ ਸਾਜ਼ੋ ਸਾਮਾਨ ਦਿਤੇ ਮੌਤ ਦੇ ਮੂੰਹ 'ਚ ਦੂਜੇ ਰਾਜਾਂ ਵਲ ਧਕਿਆ ਜਾ ਰਿਹਾ ਹੈ। ਉਨ੍ਹਾਂ ਪੂਰੇ ਸੁਰੱਖਿਆ ਸਾਜ਼ੋ-ਸਾਮਾਨ ਅਤੇ 50 ਲੱਖ ਬੀਮੇ ਦੀ ਮੰਗ ਕੀਤੀ ਹੈ।