ਪੁਲਿਸ ਨੇ ਹਾਦਸੇ 'ਚ ਸ਼ਾਮਲ ਟਰੈਕਟਰ ਹੀ ਬਦਲ ਦਿਤਾ ਜਾਂਚ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ ਸੁਧਾਰ ਦੇ ਪੁਲਿਸ ਰਿਕਾਰਡ ਵਿਚ ਵੱਡਾ ਹੇਰ-ਫੇਰ

File Photo

ਰਾਏਕੋਟ, 5 ਮਈ (ਜਸਵੰਤ ਸਿੰਘ ਸਿੱਧੂ): ਦੋਸ਼ੀਆਂ ਨਾਲ ਘਿਉ ਖਿਚੜੀ ਥਾਣਾ ਸੁਧਾਰ ਦੀ ਪੁਲਿਸ ਨੇ ਛੇ ਮਹੀਨੇ ਪਹਿਲਾਂ ਇਕ ਹਾਦਸੇ ਵਿਚ ਅਪਣੀ ਜਾਨ ਗਵਾਉਣ ਵਾਲੇ ਪਿੰਡ ਵੜੈਚ ਵਾਸੀ ਨੌਜਵਾਨ ਕਮਲਦੀਪ ਸਿੰਘ (22 ਸਾਲ) ਦੇ ਪਰਵਾਰ ਨੂੰ ਰੋਲ ਕੇ ਰੱਖ ਦਿਤਾ ਹੈ। ਪੁਲਿਸ ਰਿਕਾਰਡ ਵਿਚ ਵੱਡਾ ਹੇਰ ਫੇਰ ਕਰ ਕੇ ਅਦਾਲਤ ਦੇ ਵੀ ਅੱਖੀਂ ਘੱਟਾ ਪਾ ਕੇ ਸੱਭ ਨੂੰ ਹੈਰਾਨ ਪ੍ਰੇਸ਼ਾਨ ਕਰ ਕੇ ਰੱਖ ਦਿਤਾ ਹੈ। ਹਾਦਸੇ ਵਿਚ ਸ਼ਾਮਲ ਟਰੈਕਟਰ ਦੀ ਥਾਂ ਇਕ ਹੋਰ ਹੀ ਟਰੈਕਟਰ ਦੀ ਅਦਾਲਤ ਰਾਹੀਂ ਸਪੁਰਦਗੀ ਦੇਣ ਦੇ ਇਕ ਗੰਭੀਰ ਮਾਮਲੇ ਦੀ ਸ਼ਿਕਾਇਤ ਮਿਲਣ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਨੇ ਜਾਂਚ ਦੀ ਜ਼ਿੰਮੇਵਾਰੀ ਉਪ ਪੁਲਿਸ ਕਪਤਾਨ (ਜਾਂਚ) ਦਿਲਬਾਗ ਸਿੰਘ ਬਾਠ ਨੂੰ ਸੌਂਪ ਦਿਤੀ ਹੈ।

ਇਸ ਮਾਮਲੇ ਵਿਚ ਬੀਮਾ ਕੰਪਨੀਆਂ ਦੇ ਮੁਲਾਜ਼ਮਾਂ ਉੱਪਰ ਵੀ ਉਂਗਲ ਉੱਠ ਰਹੀ ਹੈ। ਜ਼ਿਲ੍ਹਾ ਪੁਲਿਸ ਕੋਲ ਪੁੱਜੀ ਸ਼ਿਕਾਇਤ ਅਨੁਸਾਰ 28 ਅਕਤੂਬਰ 2019 ਦੀ ਸ਼ਾਮ ਥਾਣਾ ਸੁਧਾਰ ਅਧੀਨ ਪਿੰਡ ਰਾਜੋਆਣਾ ਕਲਾਂ ਨੇੜੇ ਮੋਟਰ ਸਾਈਕਲ ਸਵਾਰ ਪਿੰਡ ਵੜੈਚ ਵਾਸੀ 22 ਸਾਲਾ ਨੌਜਵਾਨ ਕਮਲਦੀਪ ਸਿੰਘ ਦੀ ਇਕ ਕੰਬਾਈਨ ਦੀ ਲਪੇਟ ਵਿਚ ਆਉਣ ਕਾਰਨ ਮੌਕੇ ਉਤੇ ਹੀ ਮੌਤ ਹੋ ਗਈ ਸੀ। ਮ੍ਰਿਤਕ ਦੇ ਕਰੀਬੀ ਰਿਸ਼ਤੇਦਾਰ ਪਵਿੱਤਰ ਸਿੰਘ ਦੇ ਬਿਆਨਾਂ ਉਤੇ ਕੰਬਾਈਨ ਚਾਲਕ ਪਰਮਿੰਦਰ ਸਿੰਘ ਵਾਸੀ ਪਿੰਡ ਚੀਮਾ ਵਿਰੁਧ ਮੁਕੱਦਮਾ ਦਰਜ ਕੀਤਾ ਗਿਆ ਸੀ।

29 ਅਕਤੂਬਰ ਨੂੰ ਪਿੰਡ ਵਾਸੀਆਂ ਅਤੇ ਪਰਵਾਰਕ ਮੈਂਬਰਾਂ ਵਲੋਂ ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਧਰਨਾ ਪ੍ਰਦਰਸ਼ਨ ਬਾਅਦ ਥਾਣਾ ਸੁਧਾਰ ਦੀ ਪੁਲਿਸ ਨੇ ਮੁਕੱਦਮੇ ਵਿਚ ਕੰਬਾਈਨ ਮਾਲਕ ਸਤਨਾਮ ਸਿੰਘ ਵਾਸੀ ਪਿੰਡ ਰਾਜੋਆਣਾ ਕਲਾਂ ਨੂੰ ਨਾਮਜ਼ਦ ਕਰ ਕੇ ਡਰਾਈਵਰ ਪਰਮਿੰਦਰ ਸਿੰਘ ਉਰਫ਼ ਪਿੰਦਾ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਜੇਲ ਭੇਜ ਦਿਤਾ ਸੀ। ਕਰੀਬ 4 ਮਹੀਨੇ ਪੁਲਿਸ ਵਲੋਂ ਜਾਣਬੁੱਝ ਕੇ ਦੋਸ਼ ਪੱਤਰ ਦਾਖ਼ਲ ਨਾ ਕੀਤੇ ਜਾਣ ਕਾਰਨ 13 ਮਾਰਚ ਨੂੰ ਜਗਰਾਉਂ ਦੀ ਅਦਾਲਤ ਵਲੋਂ ਮੁਲਜ਼ਮ ਪਰਮਿੰਦਰ ਸਿੰਘ ਦੀ ਜ਼ਮਾਨਤ ਮਨਜ਼ੂਰ ਕਰ ਦਿਤੀ ਗਈ ਸੀ।

ਇਸੇ ਦੌਰਾਨ ਇਕ ਵੱਡੀ ਸਾਜ਼ਿਸ਼ ਅਧੀਨ ਥਾਣਾ ਸੁਧਾਰ ਦੇ ਮੁੱਖ ਅਫ਼ਸਰ ਇੰਸਪੈਕਟਰ ਅਜਾਇਬ ਸਿੰਘ ਅਤੇ ਜਾਂਚ ਅਫ਼ਸਰ ਸਬ ਇੰਸਪੈਕਟਰ ਜਗਰੂਪ ਸਿੰਘ ਨੇ ਝੂਠੀ ਰੀਪੋਰਟ ਅਦਾਲਤ ਵਿਚ ਪੇਸ਼ ਕਰ ਕੇ ਕਬਜ਼ੇ ਵਿਚ ਲਈ ਕੰਬਾਈਨ ਦੇ ਸੋਨਾਲੀਕਾ ਕੰਪਨੀ ਦੇ ਟਰੈਕਟਰ ਐਗਰੀ ਕਿੰਗ 2055 ਦੀ ਥਾਂ ਮਹਿੰਦਰਾ ਐਂਡ ਮਹਿੰਦਰਾ ਦੇ ਸਵਰਾਜ ਡਿਵੀਜ਼ਨ ਦੇ 855 ਟਰੈਕਟਰ ਪੀਬੀ 25 ਜੀ 4299 ਦੀ ਸਪੁਰਦਦਾਰੀ ਮਾਲਕਾਂ ਨੂੰ ਦੇ ਦਿਤੀ ਹੈ।