ਪੰਜਾਬ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ 1500 ਨੇੜੇ ਪਹੁੰਚੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕੋਰੋਨਾ ਸੰਕਟ ਦਿਨ ਪ੍ਰਤੀ ਦਿਨ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਅੱਜ ਸ਼ਾਮ ਤਕ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।

File Photo

ਚੰਡੀਗੜ੍ਹ, 5 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਕੋਰੋਨਾ ਸੰਕਟ ਦਿਨ ਪ੍ਰਤੀ ਦਿਨ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਅੱਜ ਸ਼ਾਮ ਤਕ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਕੁੱਲ ਗਿਣਤੀ ਵਧ ਕੇ 1500 ਦੇ ਨੇੜੇ ਜਾ ਪਹੁੰਚੀ ਹੈ। ਸਰਕਾਰੀ ਤੌਰ 'ਤੇ  ਦੇਰ ਰਾਤ ਤਕ ਅੰਕੜਾ 1500 ਤੋਂ ਪਾਰ ਹੋ ਸਕਦਾ ਹੈ।

24 ਘੰਟਿਆਂ ਦੌਰਾਨ ਹੀ 300 ਦੇ ਕਰੀਬ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚ ਜ਼ਿਆਦਾਤਰ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਮਾਮਲੇ ਹੀ ਹਨ ਹੁਣ ਤਕ ਆਏ ਕੁੱਲ ਮਾਮਲਿਆਂ ਵਿਚ ਸ਼ਰਧਾਲੂਆਂ 'ਚੋਂ ਹੀ 1000 ਤੋਂ ਵੱਧ ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚ ਕਈ ਸ੍ਰੀ ਹਜ਼ੂਰ ਸਾਹਿਬ ਬੱਸਾਂ ਲੈ ਕੇ ਗਏ ਡਰਾਈਵਰ ਅਤੇ ਹੋਰ ਕੁੱਝ ਮੁਲਾਜ਼ਮ ਵੀ ਸ਼ਾਮਲ ਹਨ। ਹਾਲੇ ਸ਼ਰਧਾਲੂਆਂ ਤੋਂ ਇਲਾਵਾ ਰਾਜਸਥਾਨ 'ਚੋਂ ਪਰਤੇ 3000 ਦੇ ਕਰੀਬ ਮਜ਼ਦੂਰਾਂ 'ਚੋਂ ਵੱਡੀ ਗਿਣਤੀ ਦੇ ਸੈਂਪਲਾਂ ਦੀਆਂ ਰੀਪੋਰਟਾਂ ਆਉਣੀਆਂ ਹਨ।

ਅੱਜ ਅੰਮ੍ਰਿਤਸਰ ਨਾਲ ਸਬੰਧਤ ਇਕ ਹੋਰ ਮੌਤ ਦੀ ਪੁਸ਼ਟੀ ਬਾਅਦ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 25 ਹੋ ਚੁੱਕੀ ਹੈ। 5396 ਸੈਂਪਲਾਂ ਦੀਆਂ ਰੀਪੋਰਟਾਂ ਹਾਲੇ ਆਉਣੀਆਂ ਬਾਕੀ ਹਨ। 133 ਮਰੀਜ਼ ਹੁਣ ਤਕ ਠੀਕ ਹੋਏ ਹਨ। ਦੋ ਮਰੀਜ਼ ਵੈਂਟੀਲੇਟਰ ਉਪਰ ਮੌਤ ਨਾਲ ਲੜਾਈ ਲੜ ਰਹੇ ਹਨ। ਹੁਣ ਤਕ ਕੁੱਲ 30199 ਸੈਂਪਲ ਲਏ ਗਏ ਹਨ ਜਿਨ੍ਹਾਂ 'ਚੋਂ 23352 ਦੀ ਰੀਪੋਰਟ ਨੈਗੇਟਿਵ ਆਈ ਹੈ।

ਹੁਣ ਇਸ ਸਮੇਂ ਸੱਭ ਤੋਂ ਵੱਧ ਕੇਸ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿਚ ਹਨ। ਜ਼ਿਲ੍ਹਾ ਮੋਹਾਲੀ ਵਿਚ ਵੀ ਗਿਣਤੀ 100 ਦੇ ਨੜੇ ਤੇੜੇ ਪਹੁੰਚ ਚੁੱਕੀ ਹੈ। ਹੁਸ਼ਿਆਰਪੁਰ, ਪਟਿਆਲਾ, ਤਰਨਤਾਰਨ, ਨਵਾਂ ਸ਼ਹਿਰ, ਸੰਗਰੂਰ, ਗੁਰਦਾਸਪੁਰ, ਸ੍ਰੀ ਮੁਕਤਸਰ ਸਾਹਿਬ ਵੀ ਪਾਜ਼ੇਟਿਵ ਕੇਸਾਂ ਦੀ ਗਿਣਤੀ 65 ਤੋਂ ਲੈ ਕੇ 85 ਤੋਂ ਉਪਰ ਤਕ ਜਾ ਚੁੱਕੀ ਹੈ। ਇਸ ਸਮੇਂ ਮਾਲਮੇ ਦੇ ਜ਼ਿਲ੍ਹਿਆਂ 'ਚ ਵੀ ਕਾਫ਼ੀ ਪਾਜ਼ੇਟਿਵ ਕੇਸ ਆ ਰਹੇ ਹਨ।