ਕਣਕ ਦੀ ਖ਼ਰੀਦ 100 ਲੱਖ ਟਨ 'ਤੇ ਪਹੁੰਚੀ
ਕਿਸਾਨਾਂ ਨੂੰ 10416 ਕਰੋੜ ਕੀਤੀ ਅਦਾਇਗੀ , ਰੋਜ਼ਾਨਾ 5 ਲੱਖ ਟਨ ਦੇ ਕਰੀਬ ਖ਼ਰੀਦ ਹੋ ਰਹੀ ਹੈ
ਚੰਡੀਗੜ੍ਹ, 5 ਮਈ (ਜੀ.ਸੀ. ਭਾਰਦਵਾਜ) : ਪੰਜਾਬ 'ਚ ਕੋਰੋਨਾ ਵਾਇਰਸ ਦੇ ਖ਼ਤਰੇ ਕਾਰਨ ਅਤੇ 4100 ਖ਼ਰੀਦ ਕੇਂਦਰਾਂ 'ਚ ਭੀੜ ਘੱਟ ਕਰਨ ਕਰ ਕੇ ਭਾਵੇਂ 15 ਅਪ੍ਰੈਲ ਤੋਂ ਸ਼ੁਰੂ ਕੀਤੀ ਕਣਕ ਦੀ ਖ਼ਰੀਦ 'ਚ ਕਈ ਮੁਸ਼ਕਲਾਂ ਆਈਆਂ ਸਨ, ਪਰ ਵਧੀਆ ਇੰਤਜ਼ਾਮ ਕੀਤੇ ਜਾਣ ਕਰ ਕੇ ਸੂਬੇ ਦੀਆਂ ਏਜੰਸੀਆਂ ਨੇ ਕੇਂਦਰੀ ਭੰਡਾਰ ਵਾਸਤੇ ਅੱਜ ਸ਼ਾਮ ਤਕ 100 ਲੱਖ ਟਨ ਕਣਕ ਦੀ ਖ਼ਰੀਦ ਕਰ ਲਈ ਸੀ।
ਕਿਸਾਨਾਂ ਤੇ ਆੜ੍ਹਤੀਆਂ ਦੀ ਅਦਾਇਗੀ ਵੀ ਬੀਤੀ ਸ਼ਾਮ ਤਕ 10416 ਕਰੋੜ ਦੀ ਹੋ ਚੁੱਕੀ ਸੀ। ਰੋਜ਼ਾਨਾ ਸਪੋਕਸਮੈਨ ਨਾਲ ਇਸ ਵੱਡੇ ਪ੍ਰਾਜੈਕਟ ਨੂੰ ਸਰ ਕਰਨ ਬਾਰੇ, ਕੀਤੀ ਗੱਲਬਾਤ ਦੌਰਾਨ, ਅਨਾਜ ਸਪਲਾਈ ਵਿਭਾਗ ਦੀ ਡਾਇਰੈਕਟਰ ਅਨੰਦਿਤਾ ਮਿੱਤਰਾ ਨੇ ਦਸਿਆ ਕਿ ਇਸ ਵੇਲੇ 4000 ਤੋਂ ਵਧ ਖ਼ਰੀਦ ਕੇਂਦਰਾਂ 'ਚ ਮੰਡੀ ਬੋਰਡ, ਚਾਰ ਏਜੰਸੀਆਂ ਪਨਗ੍ਰੇਨ, ਮਾਰਕਫ਼ੈੱਡ, ਪਨਸਪ ਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਸਮੇਤ ਆੜ੍ਹਤੀਏ, ਕਿਸਾਨ, ਲੇਬਰ ਤੇ ਐਫ਼.ਸੀ.ਆਈ. ਦਾ ਸਟਾਫ਼, ਵਰਕਰ ਹਜ਼ਾਰਾਂ ਦੀ ਗਿਣਤੀ 'ਚ ਦਿਨ-ਰਾਤ ਮਸਰੂਫ਼ ਹੈ।
ਉਨ੍ਹਾਂ ਦਸਿਆ ਰੋਜ਼ਾਨਾ ਸਾਢੇ 5 ਲੱਖ ਟਨ, ਕਣਕ ਦੀ ਫ਼ਸਲ, ਕਿਸਾਨਾਂ ਨੂੰ ਜਾਰੀ ਕੀਤੇ ਟੋਕਨ ਅਨੁਸਾਰ, ਮੰਡੀਆਂ 'ਚ ਆ ਰਹੀ ਹੈ ਜਿਸ 'ਚੋਂ ਪੌਣੇ 5 ਲੱਖ ਟਨ ਕਣਕ ਖ਼ਰੀਦ ਲਈ ਜਾਂਦੀ ਹੈ ਅਤੇ ਮੰਡੀਆਂ 'ਚ ਥਾਂ ਖਾਲੀ ਕਰਨ ਲਈ, ਟਰੱਕਾਂ ਰਾਹੀਂ ਲਿਫ਼ਟਿੰਗ ਵੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਅਨੰਦਿਤਾ ਮਿੱਤਰਾ ਨੇ ਦਸਿਆ ਕਿ ਪਨਗ੍ਰੇਨ ਨੇ ਕੁਲ ਖ਼ਰੀਦ ਦਾ 22.5 ਫ਼ੀ ਸਦੀ, ਮਾਰਕਫ਼ੈੱਡ ਨੇ 23 ਫ਼ੀ ਸਦੀ, ਪਨਸਪ ਨੇ 21.2 ਅਤੇ ਵੇਅਰਹਾਊਸਿੰਗ ਨੇ 14.9 ਪ੍ਰਤੀਸ਼ਤ ਕਣਕ ਖ਼ਰੀਦੀ ਹੈ ਜਦਕਿ ਕੇਂਦਰੀ ਏਜੰਸੀ ਐਫ.ਸੀ.ਆਈ. ਨੇ ਕੇਵਲ 11 ਪ੍ਰਤੀਸ਼ਤ ਕਣਕ ਖ਼ਰੀਦੀ ਹੈ।
ਅਨਾਜ ਸਪਲਾਈ ਡਾਇਰੈਕਟਰ ਦਾ ਕਹਿਣਾ ਸੀ ਕਿ ਕਿਸਾਨਾਂ ਦੀ ਕੁਲ ਕੀਤੀ ਜਾਣ ਵਾਲੀ ਅਦਾਇਗੀ 14737 ਕਰੋੜ ਹੈ ਜਿਸ ਦਾ 71 ਪ੍ਰਤੀਸ਼ਤ, ਉਨ੍ਹਾਂ ਨੂੰ ਦੇ ਦਿਤੀ ਹੈ ਅਤੇ ਜਿਉਂ-ਜਿਉਂ ਖ਼ਰੀਦ ਵਧ ਰਹੀ ਹੈ, ਅਦਾਇਗੀ ਵੀ 48 ਘੰਟਿਆਂ ਦੇ ਅੰਦਰ-ਅੰਦਰ ਕਰਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਕੁਲ 182 ਲੱਖ ਟਨ ਦੀ ਸੰਭਾਵੀ ਪੈਦਾਵਾਰ 'ਚੋਂ, ਮੰਡੀਆਂ 'ਚ ਆਮਦ 135 ਲੱਖ ਟਨ ਦਾ ਅੰਦਾਜ਼ਾ ਲਾਇਆ ਹੋਇਆ ਹੈ ਅਤੇ ਇਹ ਟੀਚਾ, ਆਉਂਦੇ ਦੋ ਹਫ਼ਤਿਆਂ ਯਾਨੀ 20 ਮਈ ਤਕ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।