ਨਵਜੋਤ ਸਿੱਧੂ ਨੇ ਸਿਹਤ ਤੇ ਸਿਖਿਆ ਸਹੂਲਤਾਂ ਨੂੰ ਲੈ ਕੇ ਮੁੜ ਚੁਕੇ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਕਲਿਆਣਕਾਰੀ ਰਾਜ ਸਥਾਪਤ ਕਰਨ ਲਈ ਦਿਤਾ ਸੱਦਾ

Navjot Singh Sidhu with his wife

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਨਵਜੋਤ ਸਿੱਧੂ ਨੇ ਹੁਣ ਕੈਪਟਨ ਸਰਕਾਰ ਉੁਪਰ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਿਹਤ ਤੇ ਸਿਖਿਆ ਸੇਵਾਵਾਂ ਨੂੰ ਲੈ ਕੇ ਸਵਾਲ ਚੁੱਕੇ ਹਨ। ਇੰਨਾ ਹੀ ਨਹੀਂ ਇਸ ਵਾਰ ਉਨ੍ਹਾਂ ਦੀ ਪਤਨੀ ਤੇ ਸੂਬੇ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਵੀ ਉਨ੍ਹਾਂ ਦੀ ਸੁਰ ਵਿਚ ਸੁਰ ਮਿਲਾਉਣ ਦਾ ਯਤਨ ਕਰਦਿਆਂ ਟਵੀਟ ਕੀਤਾ ਹੈ।

ਇਸ ਸਪਸ਼ਟ ਸੰਕੇਤ ਹਨ ਕਿ ਸਿੱਧੂ ਜੋੜੀ ਛੇਤੀ ਹੀ ਕਾਂਗਰਸ ਤੋਂ ਕਿਸੇ ਵਖਰੇ ਰਾਹ ’ਤੇ ਚਲਣ ਦੀ ਤਿਆਰੀ ਵਿਚ ਹੈ ਅਤੇ ਇਸ ਸਬੰਧੀ ਐਲਾਨ ਲਈ ਕਿਸੇ ਮੌਕੇ ਦੀ ਤਲਾਸ਼ ਵਿਚ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਖੁਲ੍ਹੇਆਮ ਨਵਜੋਤ ਸਿੱਧੂ ਲਈ ਦਰਵਾਜ਼ੇ ਬੰਦ ਹੋਣ ਦੀ ਗੱਲ ਆਖ ਚੁੱਕੇ ਹਨ।

ਨਵਜੋਤ ਸਿੱਧੂ ਨੇ ਕੀਤੇ ਇਕ ਹੋਰ ਟਵੀਟ ਰਾਹੀਂ ਸਿਹਤ ਤੇ ਸਿਖਿਆ ਸਹੂਲਤਾਂ ’ਤੇ ਸਵਾਲ ਉਠਾਉਂਦਿਆਂ ਲੋਕਾਂ ਨੂੰ ਕਲਿਆਣਕਾਰੀ ਰਾਜ ਮੁੜ ਸਥਾਪਤ ਕਰਨ ਦਾ ਸੱਦਾ ਦਿਤਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਮਤਲਬ ਹੈ ਕਿ ਵਿਕਾਸ ਦਾ ਲਾਭ ਗ਼ਰੀਬ ਤੋਂ ਗ਼ਰੀਬ ਤਕ ਪਹੁੰਚੇ ਅਤੇ ਸਿਖਿਆ ਅਤੇ ਸਿਹਤ ਪ੍ਰਬੰਧ ਬੁਰੀ ਤਰ੍ਹਾਂ ਫ਼ੇਲ੍ਹ ਹੋਇਆ ਹੈ ਤੇ ਇਸ ਕਾਰਨ ਪ੍ਰਾਈਵੇਟ ਲੋਕਾਂ ਦਾ ਅਰਬਾਂ ਖਰਬਾਂ ਦਾ ਕਾਰੋਬਾਰ ਪ੍ਰਫੁੱਲਤ ਹੋਇਆ ਹੈ। ਸਾਡੇ ਸੰਵਿਧਾਨ ਦੇ ਜਜ਼ਬੇ ਦੀ ਬੁਲੰਦ ਆਵਾਜ਼ ਹੈ ਕਿ ਲੋਕਾਂ ਦੀ ਤਾਕਤ ਉਨ੍ਹਾਂ ਤਕ ਵਾਪਸ ਪਹੁੰਚਣੀ ਚਾਹੀਦੀ ਹੈ ਅਤੇ ਕੁੱਝ ਗਿਣੇ ਚੁਣੇ ਲੋਕਾਂ ਦੇ ਹੱਥ ਵਿਚ ਰਾਜ ਭਾਗ ਨਹੀਂ ਹੋਣਾ ਚਾਹੀਦਾ।

ਇਸੇ ਤਰ੍ਹਾਂ ਅਸਿੱਧੇ ਤੌਰ ਸਿਹਤ ਸਹੂਲਤਾਂ ’ਤੇ ਨਿਸ਼ਾਨਾ ਸਾਧਦਿਆਂ ਡਾ. ਨਵਜੋਤ ਕੌਰ ਸਿੱਧੂ ਨੇ ਟਵੀਟ ਕਰ ਕੇ ਵਿਅੰਗਮਈ ਤਰੀਕੇ ਨਾਲ ਇੱਛਾ ਪ੍ਰਗਟਾਈ ਹੈ ਕਿ ਉਹ ਇਸ ਸਮੇਂ ਲੋਕਾਂ ਦੀ ਕੋਰੋਨਾ ਮਹਾਂਮਾਰੀ ਵਿਚ ਸੇਵਾ ਕਰਨ ਲਈ ਮੁੜ ਡਾਕਟਰ ਵਜੋਂ ਕੰਮ ਕਰਨ ਨੂੰ ਤਿਆਰ ਹੈ।